ਪ੍ਰਤਾਪ ਸਿੰਘ, ਤਰਨਤਾਰਨ : ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਹੌਲੀ ਸਿਟੀ ਨੇੜੇ ਖਾਲੀ ਪਲਾਟ ਵਿਚ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਗਿਰੋਹ ਨੂੰ ਬੇਨਕਾਬ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਵੱਲੋਂ ਛਾਪੇਮਾਰੀ ਕਰਕੇ ਗਿਰੋਹ 'ਚ ਸ਼ਾਮਲ ਦੋ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ 'ਚੋਂ ਦੋ ਤੇਜ਼ਧਾਰ ਦਾਤਰ ਬਰਾਮਦ ਹੋਏ ਹਨ ਜਦਕਿ ਤਿੰਨ ਸਾਥੀ ਫਰਾਰ ਦੱਸੇ ਜਾ ਰਹੇ ਹਨ। ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਏਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕਾਂ ਵੱਲੋਂ ਗਿਰੋਹ ਬਣਾ ਕੇ ਤਰਨਤਾਰਨ ਅਤੇ ਆਸ- ਪਾਸ ਦੇ ਇਲਾਕਿਆਂ 'ਚ ਲੁੱਟਾਂ-ਖੋਹਾਂ ਕੀਤੀਆਂ ਜਾ ਰਹੀਆਂ ਹਨ। ਗਿਰੋਹ ਮੈਂਬਰਾਂ ਕੋਲ ਮਾਰੂ ਹਥਿਆਰ ਵੀ ਹਨ ਜਿਨ੍ਹਾਂ ਦੀ ਪੁਲਿਸ ਤਲਾਸ਼ ਕਰ ਰਹੀ ਸੀ। ਜਦੋਂ ਉਹ ਪੁਲਿਸ ਪਾਰਟੀ ਸਮੇਤ ਹੋਲੀ ਸਿਟੀ ਨੇੜੇ ਪੁੱਜੇ ਤਾਂ ਇਕ ਖਾਲੀ ਪਲਾਟ 'ਚ ਗਿਰੋਹ ਦੇ ਕੁਝ ਲੋਕ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਸੀ। ਹਰਕਤ 'ਚ ਆਈ ਪੁਲਿਸ ਨੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰ ਲਿਆ ਜਦਕਿ ਉਨ੍ਹਾਂ ਦੇ ਤਿੰਨ ਸਾਥੀ ਫ਼ਰਾਰ ਹੋ ਗਏ। ਫੜੇ ਗਏ ਮੁਲਜ਼ਮਾਂ ਤੋਂ ਦੋ ਦਾਤਰ ਵੀ ਬਰਾਮਦ ਹੋਏ। ਪੁੱਛਗਿੱਛ ਦੌਰਾਨ ਉਨ੍ਹਾਂ ਆਪਣੀ ਪਛਾਣ ਛੱਬੂ ਅਤੇ ਜੈ ਪੁੱਤਰ ਦੇਸਾ ਵਾਸੀ ਪੰਡੋਰੀ ਗੋਲਾ ਦੇ ਤੌਰ 'ਤੇ ਦੱਸੀ। ਜਦੋਂਕਿ ਫਰਾਰ ਹੋਣ ਵਾਲਿਆਂ ਵਿਚ ਆਰਜੂ ਪੁੱਤਰ ਬੇਦੀ ਵਾਸੀ ਪੰਡੋਰੀ ਗੋਲਾ, ਦੰਮੀ ਪੁੱਤਰ ਨੱਥੂ ਵਾਸੀ ਸਾਹਮਣੇ ਰੇਲਵੇ ਸਟੇਸ਼ਨ ਝੁੱਗੀਆ ਮੁਰਾਦਪੁਰ ਅਤੇ ਇਕ ਅਣਪਛਾਤੇ ਵਿਅਕਤੀ ਵਜੋਂ ਹੋਈ ਹੈ। ਏਐੱਸਆਈ ਦਿਲਬਾਗ ਸਿੰਘ ਨੇ ਕਿਹਾ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਜਿਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜਦੋਂਕਿ ਫਰਾਰ ਹੋਏ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

Posted By: Seema Anand