ਪੱਤਰ ਪ੍ਰੇਰਕ, ਤਰਨਤਾਰਨ : ਰਾਤ ਕਰੀਬ ਪੌਣੇ ਦੋ ਵਜੇ ਭਿੱਖੀਵਿੰਡ ਦੀ ਇਕ ਬਹਿਕ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਪੁਲਿਸ ਨੇ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ 'ਤੇ ਚਾਰ ਲੋਕਾਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਸਬੰਧੀ ਕੇਸ ਦਰਜ ਕਰ ਲਿਆ ਹੈ। ਪਰਿਵਾਰ ਮੁਤਾਬਿਕ ਉਨ੍ਹਾਂ ਉੱਪਰ ਇਹ ਹਮਲਾ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਕੀਤਾ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ।

ਜਸਵੰਤ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਭਿੱਖੀਵਿੰਡ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 6 ਸਤੰਬਰ ਦੀ ਰਾਤ ਕਰੀਬ ਪੌਣੇ ਦੋ ਵਜੇ ਕਾਰ ਸਵਾਰ ਲੋਕਾਂ ਨੇ ਉਨ੍ਹਾਂ ਦੀ ਬਹਿਕ ਵੱਲ ਫਾਇਰ ਕੀਤੇ ਅਤੇ ਗਾਲ੍ਹਾਂ ਕੱਢੀਆਂ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਕੁੱਲ੍ਹ ਪੰਜ ਫਾਇਰ ਉਨ੍ਹਾਂ ਦੇ ਘਰ ਵੱਲ ਮਾਰ ਦੇਣ ਦੀ ਨੀਅਤ ਨਾਲ ਕੀਤੇ ਹਨ। ਜਸਵੰਤ ਸਿੰਘ ਨੇ ਸ਼ਿਕਾਇਤ 'ਚ ਕਥਿਤ ਤੌਰ ’ਤੇ ਦੋਸ਼ ਲਗਾਇਆ ਹੈ ਕਿ ਇਹ ਫਾਇਰਿੰਗ ਗੁਰਲਾਲ ਸਿੰਘ ਪੁੱਤਰ ਇੰਦਰਪ੍ਰੀਤ ਸਿੰਘ ਵਾਸੀ ਭਿੱਖੀਵਿੰਡ, ਜਰਨੈਲ ਸਿੰਘ ਪੁੱਤਰ ਪ੍ਰਤਾਪ ਸਿੰਘ, ਹਰਭਾਲ ਸਿੰਘ ਪੁੱਤਰ ਦਿਲਬਾਗ ਸਿੰਘ ਤੇ ਇੰਦਰ ਭਲਵਾਨ ਵਾਸੀ ਭਿੱਖੀਵਿੰਡ ਨੇ ਕੀਤੇ ਹਨ। ਹਮਲੇ ਪਿੱਛੇ ਕਾਰਨ ਇਹ ਹੈ ਕਿ ਇਸ ਧੜੇ ਦੀ ਪੰਚਾਇਤੀ ਚੋਣਾਂ ਦੌਰਾਨ ਹਾਰ ਹੋਈ ਸੀ ਅਤੇ ਉਸੇ ਦਾ ਬਦਲਾ ਲੈਣ ਲਈ ਗੋਲ਼ੀ ਚਲਾਈ ਗਈ ਹੈ। ਥਾਣਾ ਭਿੱਖੀਵਿੰਡ ਦੇ ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ 'ਚ ਦੱਸੇ ਲੋਕਾਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਦੀਆਂ ਧਮਕੀਆਂ ਦੇਣ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਜਦਕਿ ਨਾਮਜ਼ਦ ਲੋਕਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

Posted By: Seema Anand