ਪ੍ਰਤਾਪ ਸਿੰਘ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੰਗ ਵਿਖੇ ਪਤੀ, ਪਤਨੀ ਦੇ ਝਗੜੇ ਨੂੰ ਨਿਪਟਾਉਣ ਲਈ ਰੱਖੀ ਸਭਾ 'ਚ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ 'ਤੇ ਜਵਾਈ ਉੱਪਰ ਚਲਾਈ ਗੋਲ਼ੀ ਜੋ ਉਸਦੇ ਚਾਚੇ ਦੇ ਸਿਰ ਵਿਚ ਜਾ ਵੱਜੀ ਸੀ, ਮਾਮਲੇ 'ਚ ਪੁਲਿਸ ਨੇ ਚਾਰ ਲੋਕਾਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਸਬੰਧੀ ਕੇਸ ਦਰਜ ਕਰ ਲਿਆ ਹੈ। ਜਦਕਿ ਗੰਭੀਰ ਹਾਲਤ 'ਚ ਜ਼ਖ਼ਮੀ ਚਾਚੇ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਗੁਰਦਿਆਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕੰਗ ਨੇ ਦੱਸਿਆ ਕਿ ਗਗਨਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਦਾ ਵਿਆਹ ਕਰੀਬ ਛੇ ਸਾਲ ਪਹਿਲਾਂ ਅਮਨਦੀਪ ਕੌਰ ਵਾਸੀ ਵਡਾਲਾ ਜੌਹਲ ਨਾਲ ਹੋਇਆ ਸੀ। ਗਗਨਦੀਪ ਸਿੰਘ ਦੀ ਆਪਣੀ ਪਤਨੀ ਨਾਲ ਅਣਬਣ ਰਹਿਣ ਲੱਗੀ ਸੀ ਜਿਸ ਨੂੰ ਨਿਪਟਾਉਣ ਲਈ ਪਿੰਡ ਕੰਗ ਵਿਖੇ ਮੋਹਤਬਰ ਵਿਅਕਤੀਆਂ ਵੱਲੋਂ ਫ਼ੈਸਲੇ ਵਾਸਤੇ ਸਭਾ ਬੁਲਾਈ ਗਈ ਸੀ। ਇਸ ਦੌਰਾਨ ਸਹੁਰੇ ਪਰਿਵਾਰ ਵੱਲੋਂ ਗਗਨਦੀਪ ਸਿੰਘ ਉੱਪਰ ਕਥਿਤ ਤੌਰ 'ਤੇ ਗੋਲ਼ੀ ਚਲਾ ਦਿੱਤੀ ਗਈ। ਗਗਨਦੀਪ ਆਪਣੇ ਬਚਾਅ ਲਈ ਹੇਠਾਂ ਬੈਠ ਗਿਆ ਪਰ ਗੋਲ਼ੀ ਉਸ ਦੇ ਚਾਚੇ ਸਵਰਨ ਸਿੰਘ ਦੀ ਪੁੜਪੜੀ 'ਚ ਜਾ ਲੱਗੀ। ਉਕਤ ਲੋਕ ਹਵਾ 'ਚ ਗੋਲੀਆਂ ਚਲਾਉਂਦੇ ਹੋਏ ਧਮਕੀਆਂ ਦਿੰਦੇ ਫਰਾਰ ਹੋ ਗਏ। ਗੰਭੀਰ ਹਾਲਤ 'ਚ ਜ਼ਖ਼ਮੀ ਹੋਏ ਸਵਰਨ ਸਿੰਘ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਸ ਸਬੰਧੀ ਡੀਐੱਸਪੀ ਰਵਿੰਦਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਹਰਦਿਆਲ ਸਿੰਘ ਵੱਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ 'ਤੇ ਰਣਜੀਤ ਸਿੰਘ ਉਰਫ਼ ਰਾਣਾ, ਹਰਜੀਤ ਸਿੰਘ, ਗੁਰਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਖ਼ਿਲਾਫ਼ ਜਾਨਲੇਵਾ ਹਮਲਾ ਕਰਨ, ਹਵਾਈ ਫਾਇਰ ਕਰਨ, ਧਮਕੀਆਂ ਦੇਣ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਥਾਣਾ ਸ੍ਰੀ ਗੋਇੰਦਵਾਲ ਸਾਹਿਬ 'ਚ ਕੇਸ ਦਰਜ ਕਰ ਲਿਆ ਗਿਆ ਹੈ। ਨਾਮਜ਼ਦ ਲੋਕਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਚੌਂਕੀ ਕੰਗ ਦੇ ਏਐਸਆਈ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Posted By: Seema Anand