ਪੱਤਰ ਪ੍ਰਰੇਰਕ, ਸਰਹਾਲੀ ਕਲਾਂ : ਪਿੰਡ ਨੌਸ਼ਹਿਰਾ ਪਨੂੰਆਂ 'ਚ ਪੰਚਾਇਤ ਵੱਲੋਂ ਬਣਾਈ ਨਾਲੀ ਨੂੰ ਢਾਹ ਕੇ ਕਈ ਘਰਾਂ ਦੇ ਪਾਣੀ ਦੀ ਨਿਕਾਸੀ ਬੰਦ ਕਰਨ ਦੇ ਕਥਿਤ ਦੋਸ਼ ਹੇਠ ਪੁਲਿਸ ਨੇ ਥਾਣਾ ਸਰਹਾਲੀ ਵਿਚ ਇਕ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਬੀਡੀਪੀਓ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ 'ਤੇ ਕੀਤੀ ਗਈ ਹੈ।

ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੌਸ਼ਹਿਰਾ ਪਨੂੰਆਂ ਤੇਜਿੰਦਰ ਕੁਮਾਰ ਛੀਨਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪਿੰਡ ਨੌਸ਼ਹਿਰਾ ਪਨੂੰਆਂ ਦੇ ਮਨਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨੇ ਰਾਧਾ ਸੁਆਮੀ ਡੇਰੇ ਨੇੜੇ ਬਸ਼ੰਬਰ ਸਿੰਘ ਪੁੱਤਰ ਬੇਲਾ ਸਿੰਘ ਆਦਿ ਦੇ ਘਰਾਂ ਨੂੰ ਜਾਂਦੀ ਗਲੀ ਵਿਚਲੀ ਨਾਲੀ ਨੂੰ ਢਾਹ ਦਿੱਤਾ ਹੈ। ਹੁਣ ਜਦੋਂ ਪੰਚਾਇਤ ਵੱਲੋਂ ਨਾਲੀ ਬਣਾਉਣ ਲਈ ਕਿਹਾ ਜਾਂਦਾ ਹੈ ਤਾਂ ਮਨਿੰਦਰ ਸਿੰਘ ਅੱਗੋਂ ਝਗੜਾ ਕਰਦਾ ਹੈ, ਜਦੋਂਕਿ ਨਾਲੀ ਢਾਹੇ ਜਾਣ ਕਰਕੇ ਗਲੀ ਦੇ ਬਾਕੀ ਘਰਾਂ ਦੇ ਗੰਦੇ ਪਾਣੀ ਦਾ ਨਿਕਾਸ ਬੰਦ ਹੋਣ ਕਰਕੇ ਮੁਸ਼ਕਿਲ ਖੜੀ ਹੋ ਗਈ ਹੈ। ਏਐੱਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਮਨਿੰਦਰ ਸਿੰਘ ਵਿਰੁੱਧ ਥਾਣਾ ਸਰਹਾਲੀ 'ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।