ਪੱਤਰ ਪੇ੍ਰਰਕ, ਤਰਨਤਾਰਨ : ਪਿੰਡ ਅਲਾਵਲਪੁਰ ਵਿਖੇ ਪਾਵਰਕਾਮ ਦੇ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਬੰਧਕ ਬਣਾਉਣ ਅਤੇ ਸਰਕਾਰੀ ਡਿਊਟੀ ਵਿਚ ਵਿਗਣ ਪਾਉਣ ਦੇ ਦੋਸ਼ ਹੇਠ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਪਿਓ-ਪੁੱਤ ਸਣੇ ਤਿੰਨ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਵਧੀਕ ਨਿਗਰਾਣ ਇੰਜੀਨੀਅਰ ਸੰਚਾਲਣ ਦਿਹਾਤੀ ਮੰਡਲ ਵੱਲੋਂ ਸ਼ਿਕਾਇਤ ਥਾਣਾ ਸਦਰ ਨੂੰ ਦਿੱਤੀ ਗਈ ਸੀ ਕਿ ਸ਼ਮਸ਼ੇਰ ਸਿੰਘ ਅਤੇ ਉਸਦੇ ਲੜਕੇ ਬਚਿੱਤਰ ਸਿੰਘ ਨੇ ਜਾਣ ਬੁੱਝ ਕੇ 100 ਕੇਵੀਏ ਸਟੇਅ ਟਿਊਬਵੈਲ ਕੁਨੈਕਸ਼ਨ ਦੇ ਫਿਊਜ਼ ਕੱਟ ਦਿੱਤੇ ਸਨ। ਜਦੋਂ ਉੱਪ ਮੰਡਲ ਸਬ ਅਰਬਨ ਤਰਨਤਾਰਨ ਦੇ ਕਰਮਚਾਰੀਆਂ ਨੂੰ ਸ਼ਿਕਾਇਤ ਹੱਲ ਕਰਨ ਲਈ ਭੇਜਿਆ ਤਾਂ ਉਕਤ ਲੋਕਾਂ ਨੇ ਇਕ ਹੋਰ ਅਣਪਛਾਤੇ ਸਾਥੀ ਸਣੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ ਤੇ ਸਰਕਾਰੀ ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਵੇਦ ਪ੍ਰਕਾਸ਼ ਨੇ ਦੱਸਿਆ ਕਿ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।