ਰਾਜਨ ਚੋਪੜਾ, ਭਿੱਖੀਵਿੰਡ : ਥਾਣਾ ਭਿੱਖੀਵਿੰਡ ਦੀ ਪੁਲਿਸ ਨੇ 2017 'ਚ ਦਰਜ ਹੋਏ ਨਸ਼ਾ ਬਰਾਮਦਗੀ ਦੇ ਮਾਮਲੇ ਵਿਚ ਪੀਓ ਚੱਲ ਰਹੇ ਇਕ ਮੁਲਜ਼ਮ ਨੂੰ ਇਕ ਹਜਾਰ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕਰਕੇ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹ ਗਿ੍ਫਤਾਰੀ ਪੁਲਿਸ ਨੇ ਸੂਚਨਾ ਦੇ ਅਧਾਰ 'ਤੇ ਕੀਤੀ ਹੈ ਅਤੇ ਮੁਲਜ਼ਮ ਵਿਰੁੱਧ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਪੰਨਾ ਲਾਲ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਅੱਡਾ ਸੁਰਸਿੰਘ ਕੋਲ ਪੁੱਜੀ ਤਾਂ ਇਕ ਨੌਜਵਾਨ ਖਾਲੀ ਪਲਾਟ ਵਿਚੋਂ ਨਿਕਲ ਰਿਹਾ ਸੀ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਦਾ ਯਤਨ ਕਰ ਲੱਗਾ। ਜਿਸ ਨੂੰ ਕਾਬੂ ਕਰਕੇ ਉਸ ਵੱਲੋਂ ਸੁੱਟੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਇਕ ਹਜ਼ਾਰ ਗੋਲੀਆਂ ਪਾਬੰਦੀਸ਼ੁਦਾ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਲਖਵਿੰਦਰ ਸਿੰਘ ਉਰਫ ਵਿੱਕੀ ਪੁੱਤਰ ਅਜੀਤ ਸਿੰਘ ਵਾਸੀ ਪੱਤੀ ਮਾਣੇਕੀ ਸੁਰਸਿੰਘ ਵਜੋਂ ਹੋਈ। ਜਿਸਦੇ ਖਿਲਾਫ ਥਾਣਾ ਭਿੱਖੀਵਿੰਡ 'ਚ ਕੇਸ ਦਰਜ ਕਰਕੇ ਜਦੋਂ ਤਫਤੀਸ਼ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਲਖਵਿੰਦਰ ਸਿੰਘ 'ਤੇ ਸਾਲ 2017 ਵਿਚ ਥਾਣਾ ਭਿੱਖੀਵਿੰਡ ਵਿਖੇ ਐੱਨਡੀਪੀਐੱਸ ਐਕਟ ਤਹਿਤ ਮੁਕੱਦਮਾ ਨੰਬਰ 291 ਦਰਜ ਹੋਇਆ ਸੀ ਅਤੇ ਉਕਤ ਮੁਲਜ਼ਮ ਇਸ ਮੁਕੱਦਮੇਂ ਵਿਚ ਪੀਓ ਸੀ। ਜਿਸਦੇ ਖਿਲਾਫ ਪੀਓ ਤਹਿਤ ਵੀ ਵੱਖਰਾ ਮੁਕੱਦਮਾਂ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ 'ਤੇ ਲਿਆ ਜਾਵੇਗਾ, ਜਿਸ ਕੋਲੋਂ ਹੋਰ ਖੁਲਾਸੇ ਹੋ ਸਕਦੇ ਹਨ।