ਜਸਪਾਲ ਸਿੰਘ ਜੱਸੀ, ਤਰਨਤਾਰਨ : ਕੋਵਿਡ-19 ਦੇ ਚੱਲਦਿਆਂ ਪੰਜਾਬ ਵਿਚ ਕਰਫਿਊ ਲਗਾਇਆ ਹੋਇਆ ਹੈ। ਇਸ ਦੌਰਾਨ ਤਰਨਤਾਰਨ ਦੀ ਬਲੱਡ ਬੈਂਕ ਵਿਚ ਖੂਨ ਦੀ ਕਮੀ ਨਾ ਆਵੇ ਇਸ ਲਈ ਖੂਨਦਾਨੀ ਅੱਗੇ ਆਏ ਹਨ। ਸ਼ੁੱਕਰਵਾਰ ਨੂੰ ਕਾਰਾ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਬਾਬਾ ਸੁੱਖਾ ਸਿੰਘ ਦੀ ਸਹਿਯੋਗ ਨਾਲ ਸਿਵਲ ਹਸਪਤਾਲ ਤਰਨਤਾਰਨ 'ਚ ਲਾਏ ਗਏ ਕੈਂਪ ਦੌਰਾਨ ਸੁਸਾਇਟੀ ਫਾਰ ਐਕਸੀਡੈਂਟ ਏਡ ਤੇ ਟ੍ਰੈਫਿਕ ਹੈਲਪ (ਸਾਥ) ਤੇ ਰੈੱਡ ਕਰਾਸ ਸੁਸਾਇਟੀ ਨੇ 20 ਯੂਨਿਟ ਖੂਨ ਦਾਨ ਕੀਤਾ। ਜਦੋਂਕਿ ਐੱਸਐੱਸਪੀ ਧਰੁਵ ਦਹੀਆ ਨੇ ਵੀ ਕੈਂਪ ਵਿਚ ਪਹੁੰਚ ਕੇ ਖੂਨ ਦਾਨ ਕੀਤਾ।

ਸਿਵਲ ਹਸਪਤਾਲ ਤਰਨਤਾਰਨ ਦੇ ਬਲੱਡ ਬੈਂਕ ਦੀ ਇੰਚਾਰਜ ਡਾ. ਰੇਖਾ ਰਾਣਾ ਦੀ ਅਗਵਾਈ ਹੇਠ ਬੈਂਕ ਦੀ ਟੀਮ ਵੱਲੋਂ ਲਗਾਏ ਗਏ ਇਸ ਕੈਂਪ 'ਚ ਮੁਸ਼ਕਿਲ ਹਲਾਤਾਂ ਦੇ ਬਾਵਜੂਦ ਖੂਨਦਾਨ ਕਰਨ ਵਾਲਿਆਂ ਨੇ ਪਹੁੰਚ ਕੇ ਮਿਸਾਲ ਕਾਇਮ ਕੀਤੀ। ਤਾਂ ਜੋ ਕਿਸੇ ਲੋੜਵੰਦ ਨੂੰ ਖੂਨ ਦੀ ਕਮੀ ਨਾਲ ਨਾ ਜੂਝਣਾ ਪਵੇ। ਜਦੋਂਕਿ ਐੱਸਐੱਸਪੀ ਧਰੁਵ ਦਹੀਆ ਵੀ ਹਸਪਤਾਲ ਪਹੁੰਚੇ ਅਤੇ ਮਹਾਂਦਾਨ ਦੇ ਇਸ ਕੁੰਭ ਵਿਚ ਯੋਗਦਾਨ ਪਾਉਂਦਿਆਂ ਖੂਨਦਾਨ ਕੀਤਾ। ਡਾ. ਰੇਖਾ ਰਾਣਾ ਨੇ ਖੂਨ ਦਾਨ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੂਨ ਦਾ ਦਾਨ ਅਜਿਹਾ ਹੈ, ਜਿਸ ਨਾਲ ਅਸੀਂ ਕਿਸੇ ਦੀ ਜਿੰਦਗੀ ਬਚਾ ਸਕਦੇ ਹਾਂ। ਖੂਨਦਾਨ ਕਰਨ ਨਾਲ ਕੋਈ ਕਮਜੋਰੀ ਨਹੀਂ ਆਉਂਦੀ ਤੇ ਨਾ ਹੀ ਕੋਈ ਤਕਲੀਫ ਸਰੀਰ ਨੂੰ ਹੁੰਦੀ ਹੈ। ਬਲਕਿ ਇਸ ਨਾਲ ਸਰੀਰ ਨਿਰੋਆ ਹੁੰਦਾ ਹੈ। ਇਸ ਦੌਰਾਨ ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਭੇਟ ਕੀਤੇ ਗਏ। ਇਸ ਮੌਕੇ 'ਤੇ ਤਰਨਤਾਰਨ ਦੇ ਸਿਵਲ ਸਰਜਨ ਡਾ. ਅਨੂਪ ਕੁਮਾਰ ਤੋਂ ਇਲਾਵਾ ਬਲੱਡ ਬੈਂਕ ਦੇ ਗੁਰਬਚਨ ਸਿੰਘ, ਨਿਰਵੈਰ ਸਿੰਘ, ਅੰਗਰੇਜ ਸਿੰਘ, ਗੁਰਬਿੰਦਰ ਸਿੰਘ, ਮਨਜਿੰਦਰ ਸਿੰਘ, ਅਮਨਦੀਪ ਕੌਰ ਆਦਿ ਵੀ ਮੌਜੂਦ ਸਨ।

Posted By: Amita Verma