ਜਸਪਾਲ ਸਿੰਘ ਜੱਸੀ, ਤਰਨਤਾਰਨ : ਬਲਵਿੰਦਰ ਸ਼ੇਖੋਂ ਨਾ ਦੇ ਫੇਸਬੁੱਕ ਖਾਤੇ 'ਤੇ ਪੱਟੀ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਿਰੁੱਧ ਇਕ ਪੋਸਟ 20 ਮਈ ਨੂੰ ਪਾਈ ਗਈ ਹੈ ਜਿਸਦੇ ਚੱਲਦਿਆਂ ਪੱਟੀ ਹਲਕੇ ਨਾਲ ਸਬੰਧਤ ਕਾਂਗਰਸੀ ਆਗੂ ਦੀ ਸ਼ਿਕਾਇਤ 'ਤੇ ਪੁਲਿਸ ਨੇ ਬਲਵਿੰਦਰ ਸੇਖੋਂ ਨਾਂ ਦੇ ਵਿਅਕਤੀ ਵਿਰੁੱਧ ਪੱਟੀ ਦੇ ਥਾਣਾ ਸਿਟੀ ਵਿਚ ਮੁਕੱਦਮਾ ਦਰਜ ਕਰ ਲਿਆ ਹੈ। ਫੇਸਬੁੱਕ ਦੇ ਇਸ ਖਾਤੇ ਵਿਚ ਜੋ ਤਸਵੀਰ ਦਿਖਾਈ ਦੇ ਰਹੀ ਹੈ ਉਹ ਪੁਲਿਸ ਵਰਦੀਧਾਰੀ ਵਿਅਕਤੀ ਦੀ ਹੈ।

ਪੰਜਾਬ ਕਾਂਗਰਸ ਦੇ ਕਾਰਜਕਾਰੀ ਮੈਂਬਰ ਰਾਜ ਕਰਨ ਸਿੰਘ ਭੱਗੂਪੁਰ ਜੋ ਕਾਂਗਰਸ ਦੇ ਸ਼ੋਸ਼ਲ ਮੀਡੀਆ ਸੈੱਲ ਦਾ ਅਹੁਦੇਦਾਰ ਵੀ ਹੈ, ਨੇ ਬਲਵਿੰਦਰ ਸੇਖੋਂ ਦੇ ਖਾਤੇ 'ਤੇ ਹਰਮਿੰਦਰ ਸਿੰਘ ਗਿੱਲ ਦੇ ਵਿਰੁੱਧ ਵਰਤੀ ਗਈ ਭੱਦੀ ਸ਼ਬਦਾਵਲੀ ਦਾ ਨੋਟਿਸ ਲੈਂਦਿਆਂ ਪੱਟੀ ਦੇ ਥਾਣਾ ਸਿਟੀ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਉਸਦਾ ਕਹਿਣਾ ਹੈ ਕਿ ਇਹ ਪੋਸਟ ਉਸ ਨੇ 22 ਮਈ ਨੂੰ ਆਪਣਾ ਫੇਸਬੁੱਕ ਖਾਤਾ ਚੈਂੱਕ ਕਰਦਿਆਂ ਵੇਖੀ ਸੀ ਜਿਸ ਵਿਚ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਤੁਲਣਾ ਸੂਬਾ ਸਰਹਿੰਦ ਜ਼ਕਰੀਆ ਖਾਨ ਨਾਲ ਕਰਨ ਤੋਂ ਇਲਾਵਾ ਹੋਰ ਗਈ ਆਪੱਤੀ ਜਨਕ ਗੱਲਾਂ ਕਹੀਆਂ ਹਨ। ਵਿਧਾਇਕ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਦੇ ਨਾਲ ਨਾਲ ਫਿਰਕੇ ਦੇ ਅਧਾਰ 'ਤੇ ਪੁਲਿਸ ਪ੍ਰਸ਼ਾਸਨ ਅਤੇ ਸਿਆਸਤਦਾਨਾਂ ਵਿਚ ਆਪਸੀ ਤਕਰਾਰ, ਨਫਰਤ ਅਤੇ ਮੰਦ ਭਾਵਨਾ ਨੂੰ ਭੜਕਾ ਕੇ ਜਨਤਕ ਅਮਨ ਚੈਨ ਨੂੰ ਖਰਾਬ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਬਲਵਿੰਦਰ ਸੇਖੋਂ ਨੇ ਵਿਧਾਇਕ ਗਿੱਲ ਅਤੇ ਥਾਣਾ ਹਰੀਕੇ ਦੇ ਐੱਸਐੱਚਓ ਨਵਦੀਪ ਸਿੰਘ ਵਿਚਕਾਰ ਕੁਝ ਦਿਨ ਪਹਿਲਾਂ ਵਾਇਰਲ ਹੋਈ ਆਡੀਓ ਰਿਕਾਰਟਿੰਗ ਸਬੰਧੀ ਜਨਤਾ ਅਤੇ ਪੁਲਿਸ ਨੂੰ ਵਿਧਾਇਕ ਹਰਮਿੰਦਰ ਸਿੰਘ ਗਿੱਲ ਖਿਲਾਫ ਭੜਕਾਇਆ ਹੈ। ਕਿਸੇ ਚੁਣੇ ਹੋਏ ਨੁਮਾਇੰਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਜੋ ਇਕ ਗੁਰਸਿੱਖ ਅੰਮ੍ਰਿਤਧਾਰੀ ਹਨ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਵੀ ਗੁਰਸਿੱਖ ਹੈ, ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਜਦੋਂਕਿ ਜਾਤ, ਫਿਰਕੇ ਦੇ ਆਧਾਰ 'ਤੇ ਦੁਸ਼ਮਣੀ, ਨਫਰਤ ਨੂੰ ਫੈਲਾਇਆ ਗਿਆ ਹੈ।

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਅਜੈ ਕੁਮਾਰ ਖੁੱਲਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਗਈ ਪੋਸਟ ਦੀ ਕਾਪੀ ਵੀ ਸੌਂਪੀ ਗਈ ਹੈ ਜਿਸਦੇ ਧਾਰ 'ਤੇ ਬਲਵਿੰਦਰ ਸਿੰਘ ਸੇਖੋਂ ਵਾਸੀ ਰਾਜ ਗੁਰੂ ਨਗਰ, ਫਿਰੋਜ਼ਪੁਰ ਮਾਰਗ ਲੁਧਿਆਣਾ ਖ਼ਿਲਾਫ਼ ਧਾਰਾ 153-ਏ, 295-ਏ, 500, 508 ਅਤੇ ਇਨਫਰਮੇਸ਼ਨ ਤਕਨਾਲੌਜੀ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਮੁਅੱਤਲ ਡੀਐੱਸਪੀ ਹੈ ਪੋਸਟ ਪਾਉਣ ਵਾਲਾ ਵਿਅਕਤੀ- ਦੀਪਕ ਅਰੋੜਾ

ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਕਾਨੂੰਨੀ ਸਲਾਹਕਾਰ ਦੀਪਕ ਅਰੋੜਾ ਨੇ ਦੱਸਿਆ ਕਿ ਫੇਸਬੁੱਕ 'ਤੇ ਪੋਸਟ ਪਾਉਣ ਵਾਲਾ ਉਹੋ ਡੀਐੱਸਪੀ ਹੈ ਜੋ ਅਕਸਰ ਸਿਆਸੀ ਨੇਤਾਵਾਂ ਦੇ ਵਿਰੁੱਧ ਪੋਸਟਾਂ ਪਾਉਂਦਾ ਆ ਰਿਹਾ ਹੈ। ਉਕਤ ਅਧਿਕਾਰੀ ਨੂੰ ਵਿਭਾਗੀ ਜਾਂਚ ਦੇ ਚੱਲਦਿਆਂ ਮੁਅੱਤਲ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਵਿਧਾਇਕ ਗਿੱਲ ਵਿਰੁੱਧ ਪੋਸਟ ਪਾਉਣ ਦੇ ਚੱਲਦਿਆਂ ਕਾਂਗਰਸੀ ਆਗੂ ਰਾਜ ਕਰਨ ਸਿੰਘ ਭੱਗੁਪੂਰ ਦੀ ਸ਼ਿਕਾਇਤ 'ਤੇ ਉਸਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ ਹੈ।

Posted By: Jagjit Singh