ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ ਦੇ ਥਾਣਾ ਸਦਰ ਅਧੀਨ ਆਉਂਦੀ ਪੁਲਿਸ ਚੌਕੀ ਮਾਣੋਚਾਹਲ ਦੇ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਵੱਲੋਂ ਇਕ ਹੋਰ ਥਾਣੇਦਾਰ ਸਮੇਤ ਰਿਸ਼ਵਤ ਲੈਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਐੱਸਐੱਸਪੀ ਧਰੂਮਨ ਐੱਚ ਨਿੰਬਾਲੇ ਨੇ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤਾ ਦੂਸਰਾ ਏਐੱਸਆਈ ਸਵਿੰਦਰ ਸਿੰਘ ਥਾਣਾ ਸਦਰ ’ਚ ਤਾਇਨਾਤ ਦੱਸਿਆ ਜਾ ਰਿਹਾ ਹੈ।

ਐੱਸਐੱਸਪੀ ਧਰੂਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਚੌਕੀ ਮਾਣੋਚਾਹਲ ਦੇ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਦੀ ਇਕ ਹੋਰ ਏਐੱਸਆਈ ਸਵਿੰਦਰ ਸਿੰਘ ਨਾਲ ਥਾਣਾ ਸਦਰ ਤਰਨਤਾਰਨ ਵਿਚ ਰਿਸ਼ਵਤ ਲੈਂਦਿਆਂ ਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ।

ਜਿਸ 'ਤੇ ਤੁਰੰਤ ਐਕਸ਼ਨ ਲੈਂਦਿਆਂ ਦੋਵਾਂ ਕਰਮਚਾਰੀਆਂ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਜਦੋਂਕਿ ਡੀਐੱਸਪੀ ਸਬ ਡਵੀਜਨ ਸ੍ਰੀ ਗੋਇੰਦਵਾਲ ਸਾਹਿਬ ਰਮਨਦੀਪ ਸਿੰਘ ਭੁੱਲਰ ਨੂੰ ਇਨ੍ਹਾਂ ਦੀ ਵਿਭਾਗੀ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਰਿਸ਼ਵਤ ਦੇ ਮਾਮਲੇ ਵਿਚ ਕਿਸੇ ਵੀ ਪੁਲਿਸ ਕਰਮਚਾਰੀ ਦਾ ਲਿਹਾਜ਼ ਨਹੀਂ ਹੋਵੇਗਾ ਅਤੇ ਜੇਕਰ ਕੋਈ ਰਿਸ਼ਵਤ ਲੈਂਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Posted By: Jagjit Singh