ਜਸਪਾਲ ਸਿੰਘ ਜੱਸੀ, ਤਰਨਤਾਰਨ

ਮੁੱਖ ਮੰਤਰੀ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਸਖਤੀ ਕਰਨ ਦੇ ਦਿੱਤੇ ਆਦੇਸ਼ਾਂ ਦੇ ਚਲਦਿਆਂ ਪੁਲਿਸ ਹਰਕਤ ਵਿਚ ਆਉਂਦੀ ਦਿਖਾਈ ਦੇ ਰਹੀ ਹੈ। ਵੀਰਵਾਰ ਸ਼ਾਮ ਨੂੰ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਇਕ ਘਰ ਵਿਚ ਬਣਾਏ ਗਏ ਸਟੋਰ 'ਚ ਛਾਪੇਮਾਰੀ ਕਰ ਕੇ ਵੱਡੀ ਗਿਣਤੀ ਵਿਚ ਡੋਰ ਦੇ ਗੱਟੂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਦੋ ਲੋਕਾਂ ਵਿਰੁੱਧ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਅੱਜ ਸ਼ਾਮ ਨੂੰ ਤਰਨਤਾਰਨ ਦੇ ਨੰਗੇ ਪੈਰਾਂ ਵਾਲਾ ਚੌਕ ਨੇੜਲੀ ਗਲੀ ਛੱਪੜ ਵਾਲੀ ਦੇ ਇਕ ਘਰ ਵਿਚ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਛਾਪੇਮਾਰੀ ਕੀਤੀ। ਸੂਚਨਾ ਦੇ ਆਧਾਰ 'ਤੇ ਕੀਤੀ ਗਈ ਉਕਤ ਕਾਰਵਾਈ ਦੇ ਦੌਰਾਨ ਪੁਲਿਸ ਨੇ ਉਕਤ ਘਰ ਵਿਚੋਂ ਵੱਡੀ ਗਿਣਤੀ ਚਾਈਨਾ ਡੋਰ ਦੇ ਗੱਟੂ ਜੋ ਤੋੜਿਆਂ ਅਤੇ ਡੱਬਿਆਂ ਵਿਚ ਰੱਖੇ ਗਏ ਸਨ, ਬਰਾਮਦ ਕੀਤੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਦੌਰਾਨ ਹੋਣ ਵਾਲੀ ਪਤੰਗਬਾਜ਼ੀ ਤੋਂ ਪਹਿਲਾਂ ਇਹ ਡੋਰ ਇਥੇ ਸਟੋਰ ਕੀਤੀ ਹੋਵੇਗੀ। ਮੌਕੇ 'ਤੇ ਪਹੁੰਚੇ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਪ੍ਰਰੀਤ ਸਿੰਘ ਨੇ ਦੱਸਿਆ ਕਿ ਛਾਪੇਮਾਰੀ ਦੇ ਦੌਰਾਨ ਮਿਲੇ ਚਾਈਨਾ ਡੋਰ ਦੇ ਗੱਟੂ ਕਬਜੇ ਵਿਚ ਲੈ ਕੇ ਮੌਕੇ ਤੋਂ ਹੀ ਸੰਦੀਪ ਕੁਮਾਰ ਪੁੱਤਰ ਮਦਨ ਲਾਲ ਨੂੰ ਗਿ੍ਫਤਾਰ ਵੀ ਕਰ ਲਿਆ ਗਿਆ ਹੈ। ਜਿਸਦੇ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਲਈ ਏਐੱਸਆਈ ਇੰਦਰਜੀਤ ਸਿੰਘ ਦੀ ਡਿਊਟੀ ਲਗਾਈ ਗਈ ਹੈ। ਦੱਸ ਦਈਏ ਕਿ ਚਾਈਨਾ ਡੋਰ ਦੇ ਨਾਲ ਹਰ ਸਾਲ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ ਹੈ ਅਤੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਬਾਵਜੂਦ ਇਸਦੇ ਧੜੱਲੇ ਨਾਲ ਚਾਈਨਾ ਡੋਰ ਦਾ ਕਾਰੋਬਾਰ ਚਲਦਾ ਹੈ। ਹਾਲ ਹੀ 'ਚ ਚਾਈਨਾ ਡੋਰ ਨਾਲ ਨੌਜਵਾਨ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ।

ਸਰਕਾਰ ਵੱਲੋਂ ਚਾਈਨਾ ਡੋਰ ਵਿਰੁੱਧ ਸਖ਼ਤੀ ਸ਼ਲਾਘਾਯੋਗ : ਸਾਹਿਲ

ਐਂਟੀ ਕੁਰੱਪਸ਼ਨ ਸੁਸਾਇਟੀ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਦਾ ਕਹਿਣਾ ਹੈ ਕਿ ਚਾਈਨਾ ਡੋਰ ਨਾਲ ਹਰ ਇਨਸਾਨਾਂ ਦੇ ਨਾਲ ਨਾਲ ਜੀਵ ਜੰਤੂਆਂ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ ਹੈ। ਇਸ ਵਾਰ ਸਰਕਾਰ ਨੇ ਇਸ ਡੋਰ ਨੂੰ ਵੇਚਣ ਵਾਲਿਆਂ 'ਤੇ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹਨ, ਜੋ ਬਹੁਤ ਹੀ ਸ਼ਲਾਘਾਯੋਗ ਹੈ। ਉਨ2X ਨੇ ਕਿਹਾ ਕਿ ਐਂਟੀ ਕੁਰੱਪਸ਼ਨ ਸੁਸਾਇਟੀ ਹਮੇਸ਼ਾ ਚਾਈਨਾ ਡੋਰ ਦਾ ਵਿਰੋਧ ਕਰਦੀ ਆਈ ਹੈ ਅਤੇ ਕਰਦੀ ਰਹੇਗੀ।