ਜਸਪਾਲ ਸਿੰਘ ਜੱਸੀ, ਤਰਨਤਾਰਨ : ਬੱਚਿਆਂ ਦੀਆਂ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੇ ਕਥਿਤ ਦੋਸ਼ਾਂ ਹੇਠ ਤਰਨਤਾਰਨ ਜ਼ਿਲ੍ਹੇ ਦੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਥਾਣਿਆਂ ’ਚ ਆਈਟੀ ਐਕਟ ਦੇ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ। ਇਹ ਕਾਰਵਾਈ ਸਟੇਟ ਸਾਈਬਰ ਕਰਾਈਮ ਸੈੱਲ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਕੀਤੀ ਗਈ ਹੈ। ਹਾਲਾਂਕਿ ਦੋਵਾਂ ਮਾਮਲਿਆਂ ਦੇ ਮੁਲਜ਼ਮ ਹਾਲੇ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ।

ਪਹਿਲਾ ਮਾਮਲਾ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਦਰਜ ਹੋਇਆ ਹੈ। ਇਸ ਸਬੰਧੀ ਆਈਜੀ ਸਟੇਟ ਸਾਈਬਰ ਕਰਾਈਮ ਸੈੱਲ ਵੱਲੋਂ ਐੱਸਐੱਸਪੀ ਦਫਤਰ ਨੂੰ ਭੇਜੇ ਪੱਤਰ ’ਤੇ ਕਾਰਵਾਈ ਕਰਦਿਆਂ ਬੱਚਿਆਂ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੇ ਕਥਿਤ ਦੋਸ਼ ਹੇਠ ਗੁਰਜੰਟ ਸਿੰਘ ਵਾਸੀ ਪੱਤੀ ਲੰਮਿਆਂ ਦੀ ਖਡੂਰ ਸਾਹਿਬ ਨੂੰ ਨਾਮਜ਼ਦ ਕੀਤਾ ਗਿਆ ਹੈ।

ਇਸ ਮਾਮਲੇ ਦੀ ਅਗਲੀ ਜਾਂਚ ਕਰ ਰਹੇ ਡੀਐੱਸਪੀ ਸ੍ਰੀ ਗੋਇੰਦਵਾਲ ਸਾਹਿਬ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਤਕਨੀਕੀ ਵਿਧੀਆਂ ਰਾਹੀਂ ਸਾਹਮਣੇ ਆਏ ਜੁਰਮ ਬਾਰੇ ਇਹ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਵੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਦੂਸਰਾ ਮਾਮਲਾ ਥਾਣਾ ਸਿਟੀ ਪੱਟੀ ’ਚ ਨਵਜੋਤ ਸਿੰਘ ਵਾਸੀ ਪਿੰਡ ਕੰਡਿਆਲਾ ਦੇ ਖਿਲਾਫ ਦਰਜ ਹੋਇਆ ਹੈ। ਦੋਸ਼ ਹੈ ਕਿ ਉਕਤ ਵਿਅਕਤੀ ਨੇ ਵੀ ਸ਼ੋਸ਼ਲ ਮੀਡੀਆ ’ਤੇ ਬੱਚਿਆਂ ਦੀ ਅਸ਼ਲੀਲ ਵੀਡੀਓ ਅਪਲੋਡ ਕੀਤੀ। ਸਟੇਟ ਸਾਈਬਰ ਕ੍ਰਾਈਮ ਸੈੱਲ ਵੱਲੋਂ ਮਿਲੇ ਪੱਤਰ ਦੇ ਅਧਾਰ ’ਤੇ ਦਰਜ ਹੋਏ ਇਸ ਕੇਸ ਦੀ ਅਗਲੀ ਜਾਂਚ ਥਾਣਾ ਸਦਰ ਪੱਟੀ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜਦੋਂਕਿ ਮੁਲਜ਼ਮ ਦੀ ਗਿ੍ਫ਼ਤਾਰੀ ਹੋਣੀ ਹਾਲੇ ਬਾਕੀ ਹੈ।

Posted By: Jagjit Singh