ਪ੍ਰਤਾਪ ਸਿੰਘ, ਤਰਨਤਾਰਨ : ਥਾਣੇੇਦਾਰ ਵੱਲੋਂ ਨੌਜਵਾਨ ਨੂੰ ਧਮਕਾ ਕੇ ਕਥਿਤ ਤੌਰ 'ਤੇ ਕੇੇਸ ਤੇ ਦਾੜ੍ਹੀ ਕਟਵਾਉਣ ਲਈ ਮਜਬੂਰ ਕਰਨ ਸਬੰਧੀ ਪਿੰਡ ਬੂਹ ਦੇ ਲੋਕਾਂ ਵੱਲੋਂ ਬਣਾਈ ਗਈ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ। ਜਦਕਿ ਵਿਵਾਦ 'ਚ ਫਸੇ ਥਾਣਾ ਹਰੀਕੇ ਦੇ ਮੁਖੀ ਹਰਪ੍ਰੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਹਾਲਾਂਕਿ ਥਾਣਾ ਮੁਖੀ ਨੇ ਉਕਤ ਮਾਮਲੇ ਨੂੰ ਝੂਠਾ, ਬੇਬੁਨਿਆਦ ਤੇ ਇਕ ਸਿਆਸੀ ਸਟੰਟ ਦੱਸਿਆ ਹੈ।

ਜ਼ਿਕਰਯੋਗ ਹੈ ਕਿ ਪਿੰਡ ਬੂਹ ਵਿਖੇ ਦਰਿਆ ਦੇ ਨਾਲ ਲਗਦੇ ਮੰਡ ਖੇਤਰ 'ਚ ਰੇਤ ਦੀ ਮਾਈਨਿੰਗ ਕਾਰਨ ਪਿੰਡ ਬੂਹ ਦਾ ਰਸਤਾ ਖਰਾਬ ਹੋ ਰਿਹਾ ਸੀ। ਇਸ ਸਬੰਧੀ ਪਿੰਡ ਦੇ ਕੁਝ ਲੋਕਾਂ ਵੱਲੋਂ ਰਸਤੇ ਨੂੰ ਬੰਦ ਕਰ ਦਿੱਤਾ ਗਿਆ। ਜਿਸ ਨੂੰ ਲੈ ਕੇ ਵਿਵਾਦ ਭੱਖ ਉੱਠਿਆ ਤੇ ਕੁਝ ਨੌਜਵਾਨਾਂ ਵੱਲੋਂ ਵੀਡੀਓ ਵਾਇਰਲ ਕੀਤੀ ਗਈ। ਜਿਸ 'ਚ ਉਹ ਥਾਣਾ ਹਰੀਕੇ ਦੇ ਐੱਸਐੱਚਓ 'ਤੇ ਕਥਿਤ ਦੋਸ਼ ਲਗਾ ਰਹੇ ਹਨ ਕਿ ਪਿੰਡ ਵਾਸੀ ਇਕ ਨੌਜਵਾਨ ਨੂੰ ਮਾਈਨਿੰਗ ਵਾਲੀ ਖੱਡ ਨੂੰ ਜਾਂਦਾ ਰਸਤਾ ਬੰਦ ਕਰਨ ਨੂੰ ਲੈ ਕੇ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦਿੱਤੀ ਗਈ। ਇੰਨਾਂ ਹੀ ਨਹੀਂ ਐੱਸਐੱਚਓ ਵੱਲੋਂ ਨੌਜਵਾਨ ਨੂੰ ਧਮਕੀਆਂ ਦੇ ਕੇ ਉਸ ਦੇ ਕੇਸ ਕਤਲ ਕਰਵਾਉਣ ਦੇ ਦੋਸ਼ ਵੀ ਵੀਡੀਓ 'ਚ ਲਗਾਏ ਜਾ ਰਹੇ ਹਨ। ਸੂਤਰਾਂ ਅਨੁਸਾਰ ਉਕਤ ਵੀਡੀਓ ਨੂੰ ਲੈ ਕੇ ਮੁੱਖ ਮੰਤਰੀ ਨੇ ਸਖਤ ਨੋਟਿਸ ਲੈਂਦਿਆਂ ਐੱਸਐੱਚਓ ਨੂੰ ਲਾਈਨ ਹਾਜਰ ਕਰ ਦਿੱਤਾ ਹੈ ਅਤੇ ਸਾਰੇੇ ਘਟਨਾਕ੍ਰਮ ਦੀ ਬਰੀਕੀ ਨਾਲ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਹਨ।

Posted By: Amita Verma