ਕਾਰਜ ਸਿੰਘ ਬਿੱਟੂ, ਸੁਰ ਸਿੰਘ

ਸੀਨੀਅਰ ਮੈਡੀਕਲ ਅਫ਼ਸਰ ਸੁਰਸਿੰਘ ਡਾ. ਕੁਲਤਾਰ ਸਿੰਘ ਦੀ ਯੋਗ ਅਗਵਾਈ ਹੇਠ ਕਮਿਊਨਿਟੀ ਸਿਹਤ ਕੇਂਦਰ, ਸੁਰਸਿੰਘ ਵਿਖੇ ਵੀਰਵਾਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਐੱਸਐੱਮਓ ਡਾ. ਕੁਲਤਾਰ ਨੇ ਦੱਸਿਆ ਕਿ ਵਿਸ਼ਵ ਏਡਜ਼ ਦਿਵਸ ਮਨਾਉਣ ਦਾ ਮੁੱਖ ਮੰਤਵ ਆਮ ਨਾਗਰਿਕਾਂ 'ਚ ਐੱਚਆਈਵੀ ਅਤੇ ਏਡਜ਼ ਦੀ ਰੋਕਥਾਮ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣਾ ਹੈ। ਉਨਾਂ੍ਹ ਕਿਹਾ ਕਿ ਏਡਜ਼ ਪੀੜਤ ਵਿਅਕਤੀਆਂ ਨੂੰ ਇਸ ਬਿਮਾਰੀ ਨੂੰ ਛੁਪਾਉਣ ਦੀ ਬਜਾਏ ਇਸ ਦੀ ਦਵਾਈ ਨਿਰੰਤਰ ਲੈਣੀ ਚਾਹੀਦੀ ਹੈ, ਤਾਂ ਜੋ ਉਹ ਆਪਣੀ ਜ਼ਿੰਦਗੀ ਚੰਗੇ ਢੰਗ ਨਾਲ ਬਤੀਤ ਕਰ ਸਕਣ। ਏਆਰਟੀ ਸੈਂਟਰ ਤਰਨਤਾਰਨ ਤੋਂ ਏਡਜ਼ ਦਾ ਮੁਫ਼ਤ ਟੈਸਟ ਤੇ ਮੁਫਤ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਡਾ. ਕੁਲਤਾਰ ਨੇ ਐੱਚਆਈਵੀ/ ਏਡਜ਼ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਕਿ ਅਸੁਰੱਖਿਅਤ ਯੌਨ ਸਬੰਧ, ਪੀੜ੍ਹਤ ਵਿਅਕਤੀ 'ਤੇ ਵਰਤੀ ਗਈ ਸਰਿੰਜ ਲੱਗਣ ਨਾਲ, ਪੀੜਤ ਵਿਅਕਤੀ ਦਾ ਖੂਨ ਚੜ੍ਹਾਉਣ ਤੇ ਪੀੜਤ ਮਾਂ ਤੋਂ ਜਨਮ ਲੈਣ ਵਾਲੇ ਬੱਚੇ ਨੂੰ ਏਡਜ਼ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨਾਂ੍ਹ ਵੱਲੋਂ ਫੀਲਡ ਸਟਾਫ਼ ਨੂੰ ਏਡਜ਼ ਵਿਰੁੱਧ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਹਦਾਇਤ ਕੀਤੀ ਗਈ।

ਮੈਡੀਸਨ ਸਪੈਸ਼ਲਿਸਟ ਡਾ. ਅਮਨਦੀਪ ਸਿੰਘ ਧੰਜੂ ਨੇ ਕਿਹਾ ਨਾਗਰਿਕਾਂ ਨੂੰ ਇਨਾਂ੍ਹ ਕਾਰਨਾਂ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ। ਇਹ ਰੋਗ ਪੀੜਤ ਵਿਅਕਤੀ ਨਾਲ ਹੱਥ ਮਿਲਾਉਣ, ਖਾਣਾ ਖਾਣ ਜਾਂ ਫਿਰ ਇਕੱਠੇ ਰਹਿਣ ਨਾਲ ਕਦੀ ਵੀ ਨਹੀਂ ਫੈਲਦਾ ਤੇ ਇਹ ਸਾਰੀਆਂ ਧਾਰਨਾਵਾਂ ਗਲਤ ਹਨ। ਸਗੋਂ ਸਾਨੂੰ ਸਾਰਿਆਂ ਨੂੰ ਪੀੜ੍ਹਤ ਵਿਅਕਤੀ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਹੈ। ਬਲਾਕ ਐਜੂਕੇਟਰ ਨਵੀਨ ਕਾਲੀਆ ਨੇ ਦੱਸਿਆ ਕਿ ਐੱਚਆਈਵੀ/ਏਡਜ਼ ਦੀ ਰੋਕਥਾਮ ਲਈ 'ਮਿਸ਼ਨ ਸੰਪਰਕ' ਨਾਂ ਦਾ ਪੋ੍ਗਰਾਮ ਚਲਾਇਆ ਜਾ ਰਿਹਾ ਹੈ। ਉਨਾਂ੍ਹ ਦੱਸਿਆ ਕਿ ਸਾਲ 2030 ਤਕ ਏਡਜ਼ ਨੂੰ ਦੇਸ਼ 'ਚੋਂ ਮੁਕਤ ਕਰਨ ਦਾ ਟੀਚਾ ਮਿਥਿਆ ਹੈ। ਇਸ ਮੌਕੇ ਡਾ. ਬਲਜੀਤ ਸਿੰਘ, ਫਾਰਮੇਸੀ ਅਫ਼ਸਰ ਰਾਮ ਕੁਮਾਰ, ਲਖਵਿੰਦਰ ਸਿੰਘ ਆਦਿ ਮੌਜੂਦ ਸਨ।