v> ਪ੍ਰਤਾਪ ਸਿੰਘ, ਤਰਨਤਾਰਨ : ਤਰਨਤਾਰਨ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ। ਵੀਰਵਾਰ ਨੂੰ ਤਰਨਤਾਰਨ ਪੁਲਸ ਨੇ ਅਜਿਹੇ 51 ਲੋਕਾਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਹੈ, ਜੋ ਕਿ ਕਰਫਿਊ ਦੌਰਾਨ ਇਧਰ-ਓਧਰ ਬਿਨ੍ਹਾਂ ਕਿਸੇ ਠੋਸ ਕਾਰਨ ਦੇ ਘੁੰਮਦੇ ਹੋਏ ਪਾਏ ਗਏ। ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਅੰਦਰ ਅਜਿਹੇ ਲੋਕਾਂ ਖਿਲਾਫ ਮਾਮਲੇ ਦਰਜ਼ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਗਜੀਤ ਸਿੰਘ ਵਾਲੀਆ ਐੱਸਪੀ (ਜਾਂਚ) ਨੇ ਦੱਸਿਆ ਕਿ ਕੋਵਿਡ-19 ਕਾਰਨ ਦੇਸ਼ ਭਰ ਵਿਚ ਲਾਕਡਾਊਨ ਹੈ ਤੇ ਸੂਬੇ ਅੰਦਰ ਸਰਕਾਰ ਵਲੋਂ ਕਰਫਿਊ ਲਗਾਇਆ ਗਿਆ ਹੈ ਤਾਂ ਜੋ ਇਕ ਤੋਂ ਦੂਜੇ ਵਿਅਕਤੀ ਨੂੰ ਹੋਣ ਵਾਲੀ ਇਹ ਬਿਮਾਰੀ ਲੋਕਾਂ ਅੰਦਰ ਨਾ ਫੈਲੇ ਪਰ ਇਸ ਦੇ ਬਾਵਜੂਦ ਕੁਝ ਲਾਪਰਵਾਹ ਕਿਸਮ ਦੇ ਲੋਕ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰ ਘਰਾਂ ਅੰਦਰੋਂ ਬਾਹਰ ਆ ਰਹੇ ਹਨ। ਜਿਸ ਕਾਰਨ ਕਿਸੇ ਵੇਲੇ ਵੀ ਇਹ ਭਿਆਨਕ ਬਿਮਾਰੀ ਲੋਕਾਂ ਵਿਚ ਫੈਲਣ ਦਾ ਖਤਰਾ ਬਰਕਰਾਰ ਰਹਿੰਦਾ ਹੈ ਪਰ ਲੋਕ ਇਸ ਗੱਲ਼ ਵੱਲ ਕੋਈ ਧਿਆਨ ਨਹੀਂ ਦੇ ਰਹੇ। ਅਜਿਹੇ ਲੋਕ ਜੋ ਜ਼ਿਲ੍ਹੇ ਅੰਦਰ ਕਰਫਿਊ ਦੌਰਾਨ ਇਧਰ-ਉਧਰ ਘੁੰਮਦੇ ਪਾਏ ਗਏ ਹਨ, ਦੇ ਖਿਲਾਫ ਵੱਖ-ਵੱਖ ਥਾਣਿਆਂ ਵਿਚ ਮਾਮਲੇ ਦਰਜ਼ ਕੀਤੇ ਗਏ ਹਨ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਰਫਿਊ ਦੌਰਾਨ ਕੋਈ ਵੀ ਵਿਅਕਤੀ ਭਾਵੇਂ ਉਹ ਸਿਆਸੀ, ਧਾਰਮਿਕ ਜਾਂ ਫਿਰ ਸਮਾਜਿਕ ਜਥੇਬੰਦੀ ਨਾਲ ਹੀ ਸੰਬੰਧਤ ਹੋਵੇ, ਬਿਨ੍ਹਾਂ ਪਾਸ ਘੁੰਮਦੇ ਹੋਏ ਪਾਇਆ ਗਿਆ ਤਾਂ ਉਸ ਖਿਲਾਫ ਮਾਮਲਾ ਦਰਜ਼ ਕੀਤਾ ਜਾਵੇਗਾ।

Posted By: Sunil Thapa