ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਕਸਬਾ ਹਰੀਕੇ ਪੱਤਣ ਵਿਖੇ ਵਿਆਹ ਸਮਾਗਮ ਵਿਚ ਆਏ ਮੋਟਰਸਾਈਕਲ ਸਵਾਰ ਪਿਤਾ ਪੁੱਤਰ ਉੱਪਰ ਕਥਿਤ ਤੌਰ ’ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਗੋਲੀ ਮੁੰਡੇ ਦੇ ਸਿਰ ਕੋਲੋਂ ਲੰਘੀ, ਜਿਸ ਕਾਰਨ ਉਸਦੇ ਸਿਰ ’ਤੇ ਸੱਟ ਲੱਗਣ ਕਾਰਨ ਹ ਸਪਤਾਲ ਲਿਜਾਇਆ ਗਿਆ। ਥਾਣਾ ਹਰੀਕੇ ਪੱਤਣ ਦੀ ਪੁਲਿਸ ਨੇ ਪੰਜ ਵਿਅਕਤੀਆਂ ਵਿਰੁੱਧ ਕਾਤਲਾਨਾ ਹਮਲਾ ਕਰਨ ਅਤੇ ਅਸਲ੍ਹਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਬਚਿੱਤਰ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਪਿੰਡ ਜੌਣੇਕੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਲੜਕੇ ਪਰਦੀਪ ਸਿੰਘ ਨਾਲ ਮੋਟਰਸਾਈਕਲ’ਤੇ ਸਵਾਰ ਹੋ ਕੇ ਇਕ ਵਿਆਹ ਸਬੰਧੀ ਹਰੀਕੇ ਬਜਾਰ ਵਿਚ ਆਇਆ ਸੀ। ਜਦੋਂ ਉਹ ਹਰੀਕੇ ਲਾਗੇ ਸਤਲੁਜ ਪੈਲੇਸ ਕੋਲ ਜਾ ਰਹੇ ਸੀ ਤਾਂ ਉਥੇ ਸਮਾਗਮ ਹੋਣ ਕਰਕੇ ਸੜਕ ਦੇ ਦੋਵੇਂ ਪਾਸੇ ਵਾਹਨ ਖੜ੍ਹੇ ਸਨ। ਇਸੇ ਦੌਰਾਨ ਹੀ ਉਨ੍ਹਾਂ ਗੱਡੀਆਂ ਵਿਚੋਂ ਸੁਰਜੀਤ ਸਿੰਘ ਨਾਮਕ ਵਿਅਕਤੀ ਨੇ ਉਨ੍ਹਾਂ ਉੱਪਰ ਗੋਲੀ ਚਲਾ ਦਿੱਤੀ, ਜਿਸ ਤੋਂ ਉਹ ਵਾਲ ਵਾਲ ਬਚੇ। ਜਦੋਂਕਿ ਸੁਰਜੀਤ ਸਿੰਘ ਆਪਣੇ ਸਾਥੀਆਂ ਸਮੇਤ ਗੱਡੀ ਰਾਂਹੀ ਉਨ੍ਹਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ ਅਤੇ ਫਿਰ ਗੋਲੀਆਂ ਚਲਾਈਆਂ। ਜਿਨ੍ਹਾਂ ਵਿਚੋਂ ਇਕ ਗੋਲੀ ਉਸਦੇ ਲੜਕੇ ਦੇ ਸਿਰ ਕੋਲੋਂ ਲੰਘੀ ਜਿਸ ਕਾਰਨ ਉਸਦੇ ਸਿਰ ਵਿਚ ਸੱਟ ਲੱਗ ਗਈ। ਪਰਦੀਪ ਸਿੰਘ ਨੂੰ ਉਸ ਨੇ ਆਪਣੇ ਗਵਾਂਡੀ ਕਿਰਨ ਸਿੰਘ ਪੁੱਤਰ ਬਾਗ ਸਿੰਘ ਨਾਲ ਹਸਪਤਾਲ ਭੇਜ ਦਿੱਤਾ। ਮੌਕੇ ’ਤੇ ਪਹੁੰਚੇ ਥਾਣਾ ਹਰੀਕੇ ਪੱਤਣ ਦੇ ਤਫਤੀਸ਼ੀ ਅਫਸਰ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ’ਤੇ ਸੁਰਜੀਤ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਚਾਂਬ ਮੱਖੂ ਅਤੇ ਚਾਰ ਹੋਰ ਅਣਪਛਾਤੇ ਲੋਕਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਜਿਨ੍ਹਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Posted By: Tejinder Thind