ਸਟਾਫ ਰਿਪੋਰਟਰ, ਤਰਨਤਾਰਨ : ਲੜਕੀ ਨੂੰ ਨੰਬਰ ਦੇਣ ਦੇ ਕਥਿਤ ਦੋਸ਼ ਹੇਠ ਨੌਜਵਾਨ ਦੀ ਕੁੱਟਮਾਰ ਕਰਕੇ ਨਗਨ ਕਰਨ ਦੇ ਮਾਮਲੇ ਵਿਚ ਤਰਨਤਾਰਨ ਪੁਲਿਸ ਨੇ ਡੇਢ ਦਰਜਨ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ ਜਦਕਿ ਛੇ ਲੋਕਾਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਬੁੱਧਵਾਰ ਨੂੰ ਇਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਜਿਸ ਵਿਚ ਕੁਝ ਲੋਕ ਇਕ ਨੌਜਵਾਨ 'ਤੇ ਲੜਕੀ ਨੂੰ ਨੰਬਰ ਦੇਣ ਦਾ ਦੋਸ਼ ਲਗਾ ਕੇ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਸਨ। ਜਦੋਂਕਿ ਬਾਅਦ ਵਿਚ ਉਕਤ ਨੌਜਵਾਨ ਦੇ ਜਬਰੀ ਕੱਪੜੇ ਲੁਹਾ ਕੇ ਉਸ ਨੂੰ ਨੰਗਿਆਂ ਹੀ ਮੋਟਰਸਾਈਕਲ ਤੇ ਦੌੜਨ ਲਈ ਮਜਬੂਰ ਕੀਤਾ ਗਿਆ। ਉਕਤ ਵੀਡੀਓ ਲਗਾਤਾਰ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹੀ। ਦੂਜੇ ਪਾਸੇ ਉਕਤ ਨੌਜਵਾਨ ਦੇ ਪਿਤਾ ਨੇ ਤਰਨਤਾਰਨ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ 21 ਸਾਲਾ ਲੜਕਾ ਨਗਨ ਹਾਲਤ ਵਿਚ ਘਰ ਪੁੱਜਿਆ ਤਾਂ ਉਸਦੇ ਸਰੀਰ ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਉਸਦਾ ਲੜਕਾ ਨਿੱਜੀ ਕੰਮ ਲਈ ਗੋਹਲਵੜ ਗਿਆ ਸੀ ਰਸਤੇ 'ਚ ਬਾਲੇਚੱਕ ਦੇ ਪਾਵਰ ਗ੍ਰਿੱਡ ਕੋਲ ਕੁਝ ਲੋਕਾਂ ਨੇ ਘੇਰ ਕੇ ਉਸਦੀ ਕੁੱਟਮਾਰ ਕੀਤੀ ਅਤੇ ਕੱਪੜੇ ਲਾਹ ਦਿੱਤੇ। ਇਨ੍ਹਾਂ ਹੀ ਨਹੀਂ ਉਸ ਨੂੰ ਅਲਫ ਨੰਗਾ ਕਰਕੇ ਮੋਟਰਸਾਈਕਲ ਉੱਪਰ ਬਿਠਾ ਕੇ ਵੀਡੀਓ ਬਣਾਈ ਅਤੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ।

ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਉਕਤ ਘਟਨਾ ਤਰਨਤਾਰਨ ਦੇ ਥਾਣਾ ਸਿਟੀ ਦੇ ਖੇਤਰ ਬਾਲੇਚੱਕ ਕੋਲ ਵਾਪਰੀ ਹੈ। ਲੜਕੇ ਦੇ ਪਿਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ 'ਤੇ ਸੰਦੀਪ ਸਿੰਘ ਪੁੱਤਰ ਬਲਬੀਰ ਸਿੰਘ, ਹਰਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ, ਹਰਪ੍ਰੀਤ ਕੌਰ ਪਤਨੀ ਸੰਦੀਪ ਸਿੰਘ, ਕਾਲੂ ਵਾਸੀ ਚੱਬਾ ਕਲਾਂ, ਲੱਖਾ ਸਿੰਘ ਪੁੱਤਰ ਨਿਰਮਲ ਸਿੰਘ ਅਤੇ ਹੀਰਾ ਸਿੰਘ ਨਾਮਕ ਲੋਕਾਂ ਸਮੇਤ 12 ਅਣਪਛਾਤੇ ਲੋਕਾਂ ਖ਼ਿਲਾਫ਼ ਬੰਧਕ ਬਣਾ ਕੇ ਕੁੱਟਮਾਰ ਕਰਨ, ਸਾਜਿਸ਼ ਰਚਣ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Posted By: Tejinder Thind