ਤੇਜਿੰਦਰ ਸਿੰਘ ਬੱਬੂ, ਝਬਾਲ : ਕਸਬਾ ਸਰਾਏ ਅਮਾਨਤ ਖਾਂ ਵਿਖੇ ਸਹੁਰੇ ਪਰਿਵਾਰ ਵੱਲੋਂ ਤੰਗ ਆਈ ਇਕ ਵਿਆਹੁਤਾ ਨੇ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ। ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪਤੀ, ਸਹੁਰੇ ਅਤੇ ਨਨਾਣ ਵਿਰੁੱਧ ਕੇਸ ਦਰਜ ਕਰ ਲਿਆ ਹੈ।ਦਰਸ਼ਨ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਪੱਧਰੀ ਕਲਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਲੜਕੀ ਹਰਮੀਤ ਕੌਰ ਦਾ ਵਿਆਹ ਸਰਾਏ ਅਮਾਨਤ ਖਾਂ ਨਿਵਾਸੀ ਰਵਿੰਦਰ ਸਿੰਘ ਪੁੱਤਰ ਚੈਂਚਲ ਸਿੰਘ ਨਾਲ ਹੋਇਆ ਸੀ। ਉਸਦਾ ਸਹੁਰਾ ਪਰਿਵਾਰ ਦਾਜ ਘੱਟ ਲਿਆਉਣ ਕਰਕੇ ਪ੍ਰੇਸ਼ਾਨ ਕਰਦਾ ਸੀ ਅਤੇ ਕੁੱਟਮਾਰ ਵੀ ਕਰਦਾ ਆ ਰਿਹਾ ਸੀ। ਹਰਮੀਤ ਕੌਰ ਦੇ ਸਹੁਰੇ ਨੇ ਉਸ ਨੂੰ ਫੋਨ ਕੀਤਾ ਕਿ ਉਨ੍ਹਾਂ ਦੀ ਲੜਕੀ ਬਿਮਾਰ ਹੈ। ਜਦੋਂ ਉਹ ਆਪਣੇ ਲੜਕੇ ਸਮੇਤ ਉਥੇ ਪਹੁੰਚਿਆ ਤਾਂ ਉਸਦੀ ਲੜਕੀ ਦੀ ਮੌਤ ਹੋ ਚੁੱਕੀ ਸੀ। ਉਸ ਨੇ ਦੋਸ਼ ਲਗਾਇਆ ਕਿ ਹਰਮੀਤ ਕੌਰ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਹੀ ਘਰ ਵਿਚ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ’ਤੇ ਪਹੁੰਚੇ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਹਰਮੀਤ ਕੌਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਜਦੋਂਕਿ ਮਿ੍ਰਤਕਾ ਦੇ ਪਿਤਾ ਦਰਸ਼ਨ ਸਿੰਘ ਦੇ ਬਿਆਨਾਂ ’ਤੇ ਹਰਮੀਤ ਕੌਰ ਦੇ ਪਤੀ ਰਵਿੰਦਰ ਸਿੰਘ, ਸਹੁਰੇ ਚੈਂਚਲ ਸਿੰਘ ਅਤੇ ਨਨਾਣ ਪ੍ਰਭਜੀਤ ਕੌਰ ਨੂੰ ਨਾਮਜ਼ਦ ਕਰਕੇ ਬਕਾਇਦਾ ਤਿੰਨਾਂ ਨੂੰ ਗਿ੍ਰਫਤਾਰ ਵੀ ਕਰ ਲਿਆ ਗਿਆ ਹੈ।

Posted By: Ramanjit Kaur