ਬੱਲੂ ਮਹਿਤਾ, ਪੱਟੀ : ਘਾਟੀ ਬਾਜ਼ਾਰ ਸਥਿਤ ਚੋਪੜਾ ਜਨਰਲ ਸਟੋਰ ਦੇ ਨਾਲ ਲੱਗਦੇ ਪੁਰਾਣੇ ਮਕਾਨ ਦੇ ਇਕ ਕਮਰੇ ਵਿੱਚੋਂ ਤੋਪ ਦੇ ਦੋ ਗੋਲੇ ਬਰਾਮਦ ਹੋਏ ਹਨ। ਥਾਣਾ ਪੱਟੀ ਦੇ ਮੁਖੀ ਪਲਵਿੰਦਰ ਸਿੰਘ ਨੇ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਕਾਨਦਾਰ ਸੁਖਦੇਵ ਰਾਜ ਚੋਪੜਾ ਨੇ ਦੱਸਿਆ ਕਿ ਉਸ ਨੇ ਦੁਕਾਨ ਦੇ ਨਾਲ ਲੱਗਦਾ ਮਕਾਨ 6 ਸਾਲ ਪਹਿਲਾਂ ਖ੍ਰੀਦਿਆ ਸੀ ਤੇ ਕਦੇ ਛੱਤ ’ਤੇ ਨਹੀਂ ਸੀ ਗਿਆ। ਛੱਤ ’ਤੇ ਬਣੇ ਕਮਰੇ ’ਚ ਫਾਲਤੂ ਸਾਮਾਨ ਸੁੱਟ ਦਿੱਤਾ ਜਾਂਦਾ ਸੀ। ਅੱਜ ਜਦੋਂ ਸਾਮਾਨ ਤੇ ਗੱਤਾ ਵੇਚਿਆ ਗਿਆ ਤਾਂ ਇਕ ਸਾਈਡ ’ਤੇ ਦੋ ਗੋਲੇ ਦਿਖਾਈ ਦਿੱਤੇ ਜਿਸ ਤੋਂ ਬਾਅਦ ਪੱਟੀ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਤੋਪ ਦੇ ਗੋਲੇ ਹਨ ਜੋ ਬਹੁਤ ਪੁਰਾਣੇ ਹਨ। ਪੁਲਿਸ ਨੇ ਗੋਲੇ ਕਬਜ਼ੇ ’ਚ ਲੈ ਲਏ ਹਨ ਤੇ ਦੁਕਾਨਦਾਰ ਦੇ ਬਿਆਨ ਕਲਮ ਬੰਦ ਕਰ ਲਏ ਹਨ।

Posted By: Jagjit Singh