ਜਸਪਾਲ ਜੱਸੀ/ਤੇਜਿੰਦਰ ਬੱਬੂ, ਤਰਨਤਾਰਨ/ਝਬਾਲ : ਵਿਜੀਲੈਂਸ ਬਿਊਰੋ ਤਰਨਤਾਰਨ ਦੀ ਟੀਮ ਨੇ ਜ਼ਮੀਨ ਦੀ ਨਿਸ਼ਾਨਦੇਹੀ ਦੀ ਰਿਪੋਰਟ ਕਰਨ ਬਦਲੇ ਸਬ-ਤਹਿਸੀਲ ਝਬਾਲ ’ਚ ਤਾਇਨਾਤ ਕਾਨੂੰਗੋ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਹਿਰਾਸਤ ਵਿਚ ਲੈ ਕੇ ਥਾਣਾ ਵਿਜੀਲੈਂਸ ਬਿਊਰੋ ਅੰਮਿ੍ਰਤਸਰ ਵਿਖੇ ਭਿ੍ਰਸ਼ਟਾਚਾਰ ਰੋਕੂ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਜਦੋਂਕਿ ਅਗਲੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਡੀਐੱਸਪੀ ਵਿਜੀਲੈਂਸ ਬਿਊਰੋ ਤਰਨਤਾਰਨ ਮਨਜਿੰਦਰਪਾਲ ਸਿੰਘ ਨੇ ਦੱਸਿਆ ਕਿ ਭਲਵਿੰਦਰ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਚਾਹਲ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੇ ਤਾਏ ਦਾ ਲੜਕਾ ਨਰਿੰਦਰ ਸਿੰਘ ਪੁੱਤਰ ਆਤਮਾ ਸਿੰਘ ਭਾਰਤੀ ਫੌਜ ਵਿਚ ਹੈ। ਉਨ੍ਹਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ 9 ਨਵੰਬਰ ਨੂੰ ਹੋਈ ਸੀ, ਜਿਸ ਤੋਂ ਬਾਅਦ ਨਰਿੰਦਰ ਸਿੰਘ ਵਾਪਸ ਡਿਊਟੀ ’ਤੇ ਚਲਾ ਗਿਆ ਕੇ ਨਿਸ਼ਾਨਦੇਹੀ ਦੇ ਬਾਕੀ ਕੰਮਕਾਜ ਲਈ ਉਨ੍ਹਾਂ ਨੂੰ ਕਹਿ ਗਿਆ। ਉਨ੍ਹਾਂ ਦੱਸਿਆ ਕਿ ਉਕਤ ਨਿਸ਼ਾਨਦੇਹੀ ਦੀ ਫਾਈਲ ਸਰਕਲ ਸੋਹਲ, ਠੱਠੀ ਝਬਾਲ ਦੇ ਕਾਨੂੰਗੋ ਓਮ ਪ੍ਰਕਾਸ਼ ਦੇ ਟੇਬਲ ’ਤੇ ਸੀ ਜਿਸ ਨੂੰ ਅੱਗੇ ਭੇਜਣ ਲਈ ਕਾਨੂੰਗੋ ਓਮ ਪ੍ਰਕਾਸ਼ ਵੱਲੋਂ ਕਥਿਤ ਤੌਰ ’ਤੇ 25 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ 15 ਹਜ਼ਾਰ ਵਿਚ ਸੌਦਾ ਤੈਅ ਹੋ ਗਿਆ। ਉਨ੍ਹਾਂ ਦੱਸਿਆ ਕਿ ਕਾਨੂੰਗੋ ਨੇ 21 ਨਵੰਬਰ ਨੂੰ 5 ਹਜ਼ਾਰ ਰੁਪਏ ਲੈ ਲਏ ਸਨ ਅਤੇ ਬਾਕੀ 10 ਹਜ਼ਾਰ ਰੁਪਏ ਅੱਜ ਲੈਣੇ ਸਨ। ਭਲਵਿੰਦਰ ਸਿੰਘ ਦੀ ਸੂਚਨਾ ’ਤੇ ਸ਼ੁੱਕਰਵਾਰ ਨੂੰ ਸਰਕਾਰੀ ਗਵਾਹ ਮਨਜਿੰਦਰ ਸਿੰਘ ਬਲਾਕ ਐਜੂਕੇਸ਼ਨ ਅਫਸਰ ਪੱਟੀ ਅਤੇ ਸ਼ੈਡੋ ਗਵਾਹ ਜਸਵਿੰਦਰ ਸਿੰਘ ਬਲਾਕ ਐਜੂਕੇਸ਼ਨ ਅਫਸਰ ਚੋਹਲਾ ਸਾਹਿਬ ਦੀ ਹਾਜ਼ਰੀ ਵਿਚ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਰਫਤਾਰ ਕਰ ਲਿਆ। ਇਸ ਛਾਪੇਮਾਰੀ ਟੀਮ ’ਚ ਇੰਸਪੈਕਟਰ ਸ਼ਰਨਜੀਤ ਸਿੰਘ, ਏਐੱਸਆਈ ਗੁਰਸੇਵਕ ਸਿੰਘ ਤੋਂ ਇਲਾਵਾ ਨਵਜੀਤ ਕੁਮਾਰ ਅਤੇ ਰਘਬੀਰ ਸਿੰਘ ਵੀ ਸ਼ਾਮਲ ਸਨ।

Posted By: Seema Anand