ਪੱਤਰ ਪੇ੍ਰਰਕ, ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਪੰਜਾਬ ਦੇ ਬਾਰਡਰ ਏਰੀਆ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਮਕਾਨ ਕਿਰਾਇਆ ਭੱਤਾ ਨਹੀਂ ਮਿਲੇਗਾ। ਯਾਦ ਰਹੇ ਕਿ 40-50 ਸਾਲ ਪਹਿਲਾਂ ਸਰਕਾਰ ਨੇ ਮੁਲਾਜ਼ਮਾਂ ਦੀ ਇਸ ਇਲਾਕੇ ਵਿਚ ਠਹਿਰ ਨੂੰ ਪੱਕਾ ਕਰਨ ਲਈ ਇਹ ਮਕਾਨ ਕਿਰਾਇਆ ਭੱਤਾ ਲਾਗੂ ਕੀਤਾ ਸੀ। ਇਸ ਦਾ ਅਸਰ ਵੀ ਸੀ ਕਿ ਅਨੇਕਾਂ ਮੁਲਾਜ਼ਮ ਇਸੇ ਕਰ ਕੇ ਇਸ ਇਲਾਕੇ 'ਚ ਲੰਮਾ ਸਮਾਂ ਸਰਵਿਸ ਕਰਦੇ ਸਨ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈੱਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਬਲਕਾਰ ਵਲਟੋਹਾ, ਜ਼ਿਲ੍ਹਾ ਪ੍ਰਧਾਨ ਕਾਰਜ ਸਿੰਘ ਕੈਰੋਂ, ਜਨਰਲ ਸਕੱਤਰ ਰਾਜਵੰਤ ਬਾਗੜੀਆ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਗੁਰਪ੍ਰਰੀਤ ਮਾੜੀਮੇਘਾ, ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਧਾਮੀ, ਜਨਰਲ ਸਕੱਤਰ ਨਰਿੰਦਰ ਨੂਰ, ਸਿਹਤ ਵਿਭਾਗ ਦੇ ਆਗੂ ਵਿਰਸਾ ਸਿੰਘ, ਕਲਾਸ ਫੋਰ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ, ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ, ਸਿਹਤ ਵਿਭਾਗ ਨਰਸਜ਼ ਯੂਨੀਅਨ ਦੀ ਸੂਬਾਈ ਜਨਰਲ ਸਕੱਤਰ ਲਖਵਿੰਦਰ ਕੌਰ ਜੌਹਲ, ਬਿਜਲੀ ਇੰਪਲਾਈਜ਼ ਫੈੱਡਰੇਸ਼ਨ ਏਟਕ ਦੇ ਬਾਰਡਰ ਜ਼ੋਨ ਕਨਵੀਨਰ ਪੂਰਨ ਸਿੰਘ ਮਾੜੀਮੇਘਾ ਤੇ ਗੁਰਪ੍ਰਰੀਤ ਗੰਡੀਵਿੰਡ ਨੇ ਕਿਹਾ ਕਿ 'ਆਪ' ਦੀ ਸਰਕਾਰ ਨੇ ਵਾਅਦੇ ਹੋਰ ਕੀਤੇ ਸਨ, ਪਰ ਪਿਛਲੀਆਂ ਸਰਕਾਰਾਂ ਨਾਲੋਂ ਵੀ ਵੱਧ ਕੇ ਮੁਲਾਜ਼ਮ ਦੋਖੀ ਸਾਬਤ ਹੋ ਰਹੀ ਹੈ। ਯਾਦ ਰਹੇ ਕਿ ਪਹਿਲਾਂ ਹੀ ਪੰਜਾਬ ਦੇ ਸਾਰੇ ਪੇਂਡੂ ਇਲਾਕੇ 'ਚ ਮਿਲਦਾ ਪੇਂਡੂ ਭੱਤਾ ਬੰਦ ਕੀਤਾ ਹੋਇਆ ਹੈ, ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਇਸ ਬਜਟ ਸੈਸ਼ਨ ਵਿਚ ਵੀ ਸਰਕਾਰ ਨੇ ਮੁਲਾਜ਼ਮਾਂ ਨੂੰ ਕੁਝ ਨਹੀਂ ਦਿੱਤਾ।

ਆਗੂਆਂ ਨੇ ਕਿਹਾ ਕਿ ਸਰਕਾਰ ਦੇ ਅਜਿਹੇ ਮੁਲਾਜ਼ਮ ਮਾਰੂ ਫੈਸਲਿਆਂ ਵਿਰੁੱਧ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਮੁਲਾਜ਼ਮ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮ ਮਾਰੂ ਫ਼ੈਸਲੇ ਤੁਰੰਤ ਵਾਪਸ ਲਏ ਜਾਣ ਤੇ ਬਣਦੇ ਹੱਕ ਦਿੱਤੇ ਜਾਣ।