ਰਾਜਨ ਚੋਪੜਾ, ਭਿੱਖੀਵਿੰਡ : ਭਿੱਖੀਵਿੰਡ ਨਿਵਾਸੀ ਇਕ ਵਿਅਕਤੀ ਨੂੰ ਸ਼ੋਸ਼ਲ ਮੀਡੀਆ ਰਾਹੀ ਵੀਡੀਓ ਕਾਲ ਕਰਕੇ ਅਸ਼ਲੀਲ ਵੀਡੀਓ ਰਿਕਾਰਡ ਕਰਕੇ ਬਲੈਕਮੇਲ ਕਰਨ ਦੇ ਕਥਿਤ ਦੋਸ਼ ਹੇਠ ਪੁਲਿਸ ਨੇ ਇਕ ਲੜਕੀ ਵਿਰੁੱਧ ਕੇਸ ਦਰਜ ਕੀਤਾ ਹੈ। ਹਾਲਾਂਕਿ ਉਸਦੇ ਨਾਂ ਤੋਂ ਇਲਾਵਾ ਪੁਲਿਸ ਦੇ ਕੋਲ ਉਸ ਪਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸੁਚੇਤ ਧਵਨ ਵਾਸੀ ਭਿੱਖੀਵਿੰਡ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 5 ਸਤੰਬਰ ਦੀ ਰਾਤ 12 ਵਜੇ ਤੋਂ ਬਾਅਦ ਉਸਦੇ ਫੇਸਬੁੱਕ ਅਕਾਊਂਟ ’ਤੇ ਵੀਡੀਓ ਕਾਲ ਆਈ, ਜੋ ਉਸ ਨੇ ਬਿਨਾਂ ਸੋਚੇ ਸਮਝੇ ਹੀ ਚੁੱਕ ਲਈ। ਇਸ ਵੀਡੀਓ ਕਾਲ ਜਿਸ ਵਿਚ ਉਸਦਾ ਚਿਹਰਾ ਵੀ ਦਿਖਾਈ ਦੇ ਰਿਹਾ ਸੀ ’ਤੇ ਇਕ ਲੜਕੀ ਨੇ ਇਤਰਾਜ਼ਯੋਗ ਹਾਲਤ ਵਿਚ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ।

ਜਦੋਂਕਿ ਉਕਤ ਕਾਲ ਨੂੰ ਉਸਨੇ ਰਿਕਾਰਡ ਵੀ ਕਰ ਲਿਆ, ਜਿਸਦੀ ਆਈਡੀ ਆਰਤੀ ਸ਼ਰਮਾ ਦੇ ਨਾਂ ’ਤੇ ਸੀ। ਫਿਰ ਉਸ ਨੂੰ ਉਸਦੇ ਵਟਸਐਪ ਨੰਬਰ ’ਤੇ ਸੁਨੇਹਾ ਆਇਆ ਅਤੇ ਧਮਕੀ ਵੀ ਦਿੱਤੀ ਗਈ ਕਿ ਜੇਕਰ 21 ਹਜ਼ਾਰ 500 ਰੁਪਏ ਨਾ ਮਿਲੇ ਤਾਂ ਵੀਡੀਓ ਉਸਦੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਭੇਜ ਦਿੱਤੀ ਜਾਵੇਗੀ। ਜਦੋਂਕਿ ਉਕਤ ਲੋਕਾਂ ਨੇ ਇਹ ਵੀਡੀਓ ਬਾਅਦ ਵਿਚ ਹੋਰਨਾਂ ਨੰਬਰ ’ਤੇ ਭੇਜ ਵੀ ਦਿੱਤੀ, ਜਿਸ ਕਰਕੇ ਉਹ ਬਹੁਤ ਪ੍ਰੇਸ਼ਾਨ ਹੈ। ਉਸ ਨੂੰ ਸ਼ੱਕ ਹੈ ਕਿ ਗਲਤੀ ਨਾਲ ਅਟੈਂਡ ਕੀਤੀ ਗਈ ਕਾਲ ਕਰਕੇ ਉਸ ਨੂੰ ਬਲੈਕਮੇਲ ਕਰਕੇ ਹੋਰ ਪੈਸਿਆਂ ਦੀ ਮੰਗ ਵੀ ਕੀਤੀ ਜਾ ਸਕਦੀ ਹੈ। ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਸੁਚੇਤ ਧਵਨ ਦੇ ਬਿਆਨਾਂ ’ਤੇ ਆਰਤੀ ਸ਼ਰਮਾ ਨਾਮਕ ਲੜਕੀ ਖਿਲਾਫ ਕੇਸ ਦਰਜ ਕਰਕੇ ਉਸਦੀ ਅਸਲ ਪਛਾਣ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

Posted By: Ramanjit Kaur