ਜਸਪਾਲ ਸਿੰਘ ਜੱਸੀ, ਤਰਨਤਾਰਨ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਰਹਿ ਕੇ ਵਜ਼ੀਰੀਆਂ ਤੇ ਹੋਰ ਅਹੁਦਿਆਂ ਦਾ ਆਨੰਦ ਮਾਨਣ ਵਾਲੇ ਜੋ ਲੋਕ ਅੱਜ ਟਕਸਾਲੀ ਬਣੇ ਹਨ, ਉਹ ਸਿਰਫ ਪਿਓ-ਪੁੱਤਰਾਂ ਦੀ ਹੀ ਪਾਰਟੀ ਰਹਿ ਗਈ ਹੈ। ਜਦੋਂਕਿ ਕਾਂਗਰਸ ਪਾਰਟੀ ਦੇ ਫੰਡਾਂ ਦੇ ਸਲਾਹ 'ਤੇ ਚੱਲ ਰਹੇ ਟਕਸਾਲੀ ਅਕਾਲੀ ਵਿਰੋਧੀ ਧਿਰ ਦੀਆਂ ਵੋਟਾਂ ਤੋੜ ਕੇ ਕਾਂਗਰਸ ਨੂੰ ਲਾਭ ਦੇਣਾ ਚਾਹੁੰਦੇ ਹਨ।

ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡ ਸ੍ਰੀ ਗੋਇੰਦਵਾਲ ਸਾਹਿਬ 'ਚ ਬਹੁਮਤ ਨਾਲ ਬਣੀ ਸ਼੍ਰੋਮਣੀ ਅਕਾਲੀ ਦਲ ਦੀ ਪੰਚਾਇਤ ਦਾ ਸਨਮਾਨ ਕਰਨ ਲਈ ਰੱਖੀ ਗਈ ਜਨਸਭਾ 'ਚ ਪੁੱਜੇ ਸਾਬਕਾ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦੋ ਫੀਸਦੀ ਅਬਾਦੀ ਵਾਲੇ ਪੰਜਾਬੀਆਂ ਦੀਆਂ ਕੁਰਬਾਨੀਆਂ ਕਿਤੇ ਜਿਆਦਾ ਹਨ। ਇਹ ਲੋਕ ਜਿੱਥੇ ਇਨਸਾਫ ਪਸੰਦ ਲੋਕਾਂ ਦਾ ਸਤਿਕਾਰ ਕਰਦੇ ਹਨ। ਉੱਥੇ ਹੀ ਧੋਖੇਬਾਜਾਂ ਨੂੰ ਸਬਕ ਸਿਖਾਉਣਾ ਵੀ ਜਾਣਦੇ ਹਨ। ਬ੍ਰਹਮਪੁਰਾ ਅਤੇ ਹੋਰ ਟਕਸਾਲੀ ਆਗੂਆਂ 'ਤੇ ਨਿਸ਼ਾਨਾ ਸਾਧਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਸਲਾਹ ਨਾਲ ਹੋਂਦ ਵਿਚ ਆਇਆ ਅਕਾਲੀ ਦਲ ਟਕਸਾਲੀ ਕੇਵਲ ਪਿਓ ਪੁੱਤਰਾਂ ਦੀ ਪਾਰਟੀ ਹੀ ਹੈ। ਜਿਸ ਨੂੰ ਰਣਜੀਤ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੇ ਪੁੱਤਰ, ਡਾ. ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਪੁੱਤਰ ਅਤੇ ਸੇਵਾ ਸਿੰਘ ਸੇਖਵਾਂ ਤੇ ਉਨ੍ਹਾਂ ਦੇ ਪੁੱਤਰ ਚਲਾ ਰਹੇ ਹਨ। ਮਜੀਠੀਆ ਨੇ ਕਿਹਾ ਕਿ ਕਈ ਵਾਰ ਵਿਧਾਇਕ, ਵਜੀਰ ਤੇ ਸੰਸਦ ਮੈਂਬਰ ਬਣਨ ਵਾਲੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਉਦੋਂ ਜਿਸ ਪਾਰਟੀ ਨੂੰ ਮਾਂ ਕਹਿੰਦੇ ਸਨ। ਅੱਜ ਉਸੇ ਪਾਰਟੀ ਦੇ ਖਿਲਾਫ ਬੋਲ ਰਹੇ ਹਨ ਪਰ ਲੋਕ ਸਭ ਕੁਝ ਜਾਣਦੇ ਹਨ।

ਕਾਂਗਰਸ ਸਰਕਾਰ 'ਤੇ ਵਰ੍ਹਦਿਆਂ ਮਜੀਠੀਆ ਨੇ ਕਿਹਾ ਕਿ ਦੋ ਸਾਲ ਤੋਂ ਮੁਲਾਜਮਾਂ ਦੇ ਡੀਏ ਦੀਆਂ ਕਿਸ਼ਤਾਂ ਜਾਰੀ ਨਹੀਂ ਹੋਈਆਂ। ਦੋ ਸਾਲਾਂ 'ਚ 700 ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਕਾਂਗਰਸ ਸਰਕਾਰ ਕਿੰਨੀ ਕੁ ਕਿਸਾਨ ਪੱਖੀ ਹੈ। ਬਿਕਰਮ ਸਿੰਘ ਮਜੀਠੀਆ ਨੇ ਇਸ ਮੌਕੇ 'ਤੇ ਸਰਪੰਚ ਗੁਰਮੀਤ ਕੌਰ ਲਹੋਰੀਆ ਦੀ ਅਗਵਾਈ ਹੇਠ ਬਣੀ ਅਕਾਲੀ ਦਲ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ ਅਤੇ ਲੋਕ ਸਭਾ ਚੋਣਾਂ 'ਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਦਾ ਸੱਦਾ ਦਿੱਤਾ।

Posted By: Amita Verma