ਬੱਲੂ ਮਹਿਤਾ, ਪੱਟੀ

ਹਰੇਕ ਮਨੁੱਖ ਨੂੰ ਤੰਦਰੁਸਤ ਰਹਿਣ ਲਈ ਆਪਣੀ ਸਿਹਤ ਦੇ ਨਾਲ-ਨਾਲ ਬੱਚਿਆਂ ਤੇ ਬੂਟਿਆਂ ਦੀ ਦੇਖਭਾਲ ਕਰਨ ਦੀ ਬਰਾਬਰ ਲੋੜ ਹੈ। ਪਰ ਵਡੇਰੀ ਉਮਰ 'ਚ ਸਿਹਤ ਵੱਲ ਵਿਸ਼ੇਸ਼ ਤੇ ਵਧੇਰੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਹ ਵਿਚਾਰ ਪੈਨਸ਼ਨਰਜ਼ ਕਨਫੈੱਡਰੇਸ਼ਨ ਪੱਟੀ ਦੀ ਇਕ ਮੀਟਿੰਗ ਦੌਰਾਨ ਪ੍ਰਸਿੱਧ ਸਮਾਜ ਸੇਵਕ ਤੇ ਸੇਵਾਮੁਕਤ ਡਿਪਟੀ ਡਾਇਰੈਕਟਰ ਹਰਦਿਆਲ ਸਿੰਘ ਘੜਿਆਲਾ ਨੇ ਪੈਨਸ਼ਨਰਜ਼ ਸਾਥੀਆਂ ਨਾਲ ਸਾਂਝੇ ਕੀਤੇ। ਉਨਾਂ੍ਹ ਦੱਸਿਆ ਕਿ ਜ਼ਿੰਦਗੀ ਨੂੰ ਸੁਚੱਜੇ ਢੰਗ ਨਾਲ ਜਿਉਣ ਲਈ ਸਾਨੂੰ ਆਪਣੇ ਬੱਚਿਆਂ ਤੋਂ ਦੂਰ, ਅਲੱਗ ਰਹਿਣ ਦੀ ਥਾਂ ਉਨਾਂ੍ਹ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ।

ਇਸ ਦੇ ਨਾਲ ਖੇਤਾਂ, ਹਵੇਲੀਆਂ ਜਾਂ ਫਿਰ ਘਰਾਂ ਵਿਚ ਉਪਲਬੱਧ ਥਾਂ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਉਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਬੁਢਾਪੇ ਵਿਚ ਵੀ ਜ਼ਿੰਦਗੀ ਰੌਚਕ ਬਣੀ ਰਹੇਗੀ ਤੇ ਜੀਵਨ ਵਿਚ ਰੌਣਕ ਦਿਸੇਗੀ।

ਉਨਾਂ੍ਹ ਪੈਨਸ਼ਨਰਜ਼ ਸਾਥੀਆਂ ਨੂੰ ਖਾਣ-ਪੀਣ ਦੀਆਂ ਵਸਤੂਆਂ ਵਿਚ ਬਹੀਆਂ, ਬਾਸੀਆਂ, ਤਲੀਆਂ, ਬਾਜ਼ਾਰੀ ਤੇ ਵਧੇਰੇ ਮਸਾਲੇਦਾਰ ਵਸਤੂਆਂ ਦੀ ਥਾਂ ਸ਼ੁੱਧ, ਦੇਸੀ, ਘਰੇਲੂ, ਤਾਜ਼ਾ ਤੇ ਘਰਾਂ ਵਿਚ ਤਿਆਰ ਕੀਤੀਆਂ ਵਸਤੂਆਂ ਵਰਤਣ ਦੀ ਸਲਾਹ ਦਿੱਤੀ। ਅਜਿਹਾ ਕਰਨ ਨਾਲ ਅਸੀਂ ਕਈ ਸਰੀਰਕ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ।

ਉਨਾਂ੍ਹ ਜ਼ੋਰ ਦੇ ਕੇ ਦੁਹਰਾਇਆ ਕਿ ਸਾਨੂੰ ਗਰਮੀਆਂ ਵਿਚ ਸਾਫ਼ਟ, ਕੋਲਡ ਡਰਿੰਕਸ ਤੇ ਬਾਜ਼ਾਰੀ ਵਸਤੂਆਂ ਦੀ ਥਾਂ ਫਲ ਤੇ ਹਰੀਆਂ ਸਬਜ਼ੀਆਂ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ। ਉਨਾਂ੍ਹ ਘਰਾਂ ਵਿਚ ਫੁੱਲਾਂ ਦੇ ਪੌਦਿਆਂ ਦੇ ਨਾਲ ਸਬਜੀਆਂ, ਫਲਾਂ ਅਤੇ ਦਵਾਈਆਂ ਵਾਂਗ ਵਰਤਣਯੋਗ ਪੌਦੇ ਲਗਾਉਣ ਦੀ ਸਲਾਹ ਵੀ ਦਿੱਤੀ। ਉਨਾਂ੍ਹ ਆਮ ਲੋਕਾਂ ਨੂੰ ਆਪਣੇ ਬਗੀਚੇ, ਖੇਤਾਂ ਅਤੇ ਗਮਲਿਆਂ ਵਿਚ ਨਿੰਮ, ਸੁਹੰਜਣਾਂ, ਗਲੋਅ ਅਤੇ ਐਲੋਵੀਰਾ ਆਦਿ ਪੌਦਿਆਂ ਦੀ ਕਈ ਸਰੀਰਕ ਬਿਮਾਰੀਆਂ ਦੇ ਇਲਾਜ ਲਈ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ। ਉਨਾਂ੍ਹ ਮੈਡੀਸ਼ਨਲ ਅਤੇ ਅਜਿਹੇ ਹੋਰ ਲਾਭਕਾਰੀ ਬੂਟੇ ਲਗਾਉਣ ਲਈ ਆਪਣੇ ਵੱਲੋਂ ਸਹਿਯੋਗ ਕਰਨ ਦੀ ਗੱਲ ਵੀ ਆਖੀ। ਪੈਨਸ਼ਨਰਜ਼ ਆਗੂ ਦਇਆ ਸਿੰਘ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨਾਂ੍ਹ ਸਰਗਰਮ ਸੋਸ਼ਲ ਵਰਕਰ ਜਗਤਾਰ ਸਿੰਘ ਆਂਸਲ, ਸਤਪਾਲ ਸ਼ਰਮਾਂ ਅਤੇ ਹਰਭਜਨ ਸਿੰਘ ਸੰਧੂ ਆਦਿ ਨੇ ਆਪਣੇ ਉੱਦਮੀ ਤੇ ਸਮਾਜ ਸੇਵਕ ਪੈਨਸ਼ਨਰ ਸਾਥੀਆਂ ਨੂੰ ਕੁਝ ਬੂਟਿਆਂ ਦੀ ਪਨੀਰੀ ਤਿਆਰ ਕਰਨ ਅਤੇ ਆਮ ਲੋਕਾਂ ਵਿਚ ਵੰਡਣ ਲਈ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।

ਅਖੀਰ 'ਚ ਪਿੰ੍ਸੀਪਲ ਜੋਧ ਬੀਰ ਸ਼ਰਮਾ ਨੇ ਸਾਥੀ ਹਰਦਿਆਲ ਸਿੰਘ ਘੜਿਆਲਾ ਵੱਲੋਂ ਦਿੱਤੀ ਜਾਣਕਾਰੀ ਸੀਨੀਅਰ ਸਿਟੀਜ਼ਨ ਲਈ ਲਾਹੇਵੰਦ ਦੱਸਦਿਆਂ ਉਨਾਂ੍ਹ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੋਪਾਲ ਸਿੰਘ, ਖ਼ਜ਼ਾਨਚੀ ਚਾਨਣ ਸਿੰਘ, ਰਕੇਸ਼ ਕੁਮਾਰ ਸ਼ਰਮਾ, ਧਰਮ ਸਿੰਘ, ਦਇਆ ਸਿੰਘ, ਹਰਭਜਨ ਸਿੰਘ, ਰਾਜ ਸਿੰਘ, ਸੁਖਦੇਵ ਸਿੰਘ, ਅਰਜਨ ਸਿੰਘ, ਮੰਗਤ ਰਾਮ ਜੋਸ਼ੀ, ਅਜੀਤ ਸਿੰਘ ਲੋਹਕਾ, ਸਵਰਨ ਸਿੰਘ, ਕਸ਼ਮੀਰ ਸਿੰਘ, ਅਸ਼ੋਕ ਕੁਮਾਰ ਸਭਰਾ, ਕੁਲਵਿੰਦਰ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।