ਪੱਤਰ ਪ੍ਰੇਰਕ, ਤਰਨਤਾਰਨ : ਜਾਗਰਣ ਦੇ ਜ਼ਿਲ੍ਹਾ ਦਫ਼ਤਰ 'ਚ ਦਾਖਲ ਹੋ ਕੇ ਜ਼ਿਲ੍ਹਾ ਇੰਚਾਰਜ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਨਾਮਜ਼ਦ ਦੋ ਮੁਲਜ਼ਮਾਂ ਨੂੰ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਹੈ। ਇਨ੍ਹਾਂ ਖ਼ਿਲਾਫ਼ ਪੁਲਿਸ ਨੇ ਥਾਣਾ ਸਦਰ ਤਰਨਤਾਰਨ 'ਚ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦਕਿ ਇਸ ਮਾਮਲੇ ਦਾ ਇਕ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕਾ ਹੈ।

17 ਅਕਤੂਬਰ 2018 ਨੂੰ ਜਾਗਰਣ ਦੇ ਦਫ਼ਤਰ 'ਤੇ ਹਮਲਾ ਕਰਦਿਆਂ ਜ਼ਿਲ੍ਹਾ ਇੰਚਾਰਜ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਗਿਆ ਸੀ। ਉਸ ਸਮੇਂ ਥਾਣਾ ਸਿਟੀ ਤਰਨਤਾਰਨ ਵਿਖੇ ਜਾਨ ਲੇਵਾ ਹਮਲਾ ਕਰਨ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਹੋਈ ਸੀ, ਜਿਸ ਵਿਚ ਜਸਵੰਤ ਸਿੰਘ ਜੱਸਾ ਜਿੰਮ ਵਾਲਾ ਵਾਸੀ ਤਰਨਤਾਰਨ ਸਮੇਤ ਜਗਰੂਪ ਸਿੰਘ ਪੁੱਤਰ ਦਿਲਬਾਗ ਸਿੰਘ ਤੇ ਲਵਪ੍ਰੀਤ ਸਿੰਘ ਉਰਫ ਲੱਬੂ ਪੁੱਤਰ ਬਚਿੱਤਰ ਸਿੰਘ ਵਾਸੀ ਸ਼ਾਹਬਾਜ਼ਪੁਰ ਨੂੰ ਨਾਮਜ਼ਦ ਕੀਤਾ ਸੀ। ਪੁਲਿਸ ਮੁਤਾਬਿਕ ਇਹ ਨਾਮਜ਼ਦਗੀਆਂ ਫਰਵਰੀ 2019 'ਚ ਸ਼ਹਿਰ ਦੇ ਸਰਾਫ ਨੂੰ ਗੋਲ਼ੀ ਮਾਰ ਕੇ ਲੁੱਟਣ ਸਮੇਂ ਲੋਕਾਂ ਵੱਲੋਂ ਕਾਬੂ ਕਰ ਕੇ ਪੁਲਿਸ ਹਵਾਲੇ ਕੀਤੇ ਗਏ ਜੱਸਾ ਜਿੰਮ ਵਾਲਾ ਵੱਲੋਂ ਜਾਗਰਣ ਦਫਤਰ ਤੇ ਹਮਲੇ ਦੀ ਗੱਲ ਕਬੂਲਣ ਤੋਂ ਬਾਅਦ ਕੀਤੀਆਂ ਗਈਆਂ ਸਨ। ਹਾਲਾਂਕਿ ਇਸ ਜੱਸਾ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਬਾਕੀ ਦੋਵਾਂ ਮੁਲਜ਼ਮਾਂ ਨੂੰ ਇਕ ਸਾਲ ਤੋਂ ਗ੍ਰਿਫਤਾਰ ਨਹੀਂ ਕਰ ਸਕੀ ਹੈ। ਦੂਜੇ ਪਾਸੇ ਸੀਜੀਐੱਮ ਸੁਮਿਤ ਭੱਲਾ ਦੀ ਅਦਾਲਤ ਵਿਚ ਚੱਲ ਰਹੇ ਉਕਤ ਕੇਸ ਵਿਚੋਂ ਗ਼ੈਰ-ਹਾਜ਼ਰ ਚੱਲੇ ਆ ਰਹੇ ਜਗਰੂਪ ਸਿੰਘ ਅਤੇ ਲਵਪ੍ਰੀਤ ਸਿੰਘ ਲੱਭੂ ਨੂੰ 6 ਜੁਲਾਈ 2019 ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਥਾਣਾ ਸਦਰ ਤਰਨਤਾਰਨ ਦੇ ਏਐੱਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਵੱਲੋਂ ਭਗੌੜੇ ਐਲਾਨੇ ਜਗਰੂਪ ਸਿੰਘ ਤੇ ਲਵਪ੍ਰੀਤ ਸਿੰਘ ਖ਼ਿਲਾਫ਼ ਅਦਾਲਤੀ ਹੁਕਮਾਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਦੋਵਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

Posted By: Seema Anand