TarnTaran Crime : ਪੱਤਰ ਪ੍ਰੇਰਕ, ਤਰਨਤਾਰਨ : ਰੰਜਿਸ਼ ਦੇ ਚੱਲਦਿਆਂ ਦੁੱਧ ਲੈਣ ਜਾ ਰਹੇ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਲੱਤ ਵਿਚ ਗੋਲ਼ੀ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਇਕ ਦਰਜਨ ਲੋਕਾਂ ਖ਼ਿਲਾਫ਼ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਹਾਲਾਂਕਿ ਘਟਨਾ ਇਕ ਮਹੀਨਾ ਪਹਿਲਾਂ ਦੀ ਦੱਸੀ ਜਾ ਰਹੀ ਹੈ। ਨਾਮਜ਼ਦ ਕੀਤੇ ਗਏ ਮੁਲਜ਼ਮਾਂ 'ਚੋਂ ਹਾਲੇ ਤਕ ਕੋਈ ਵੀ ਪੁਲਿਸ ਦੇ ਹੱਥ ਨਹੀਂ ਆਇਆ ਹੈ।

ਜੁਗਰਾਜ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮੁਹੱਲਾ ਨਾਨਕਸਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਗਾਇਆ ਸੀ ਕਿ 22 ਸਤੰਬਰ ਨੂੰ ਰਾਤ 9 ਵਜੇ ਦੇ ਕਰੀਬ ਉਹ ਦੁੱਧ ਲੈਣ ਘਰੋਂ ਨਿਕਲਿਆ ਸੀ। ਜਦੋਂ ਉਹ ਰੋਹੀ ਕੰਢੇ ਡੇਅਰੀ 'ਤੇ ਪੁੱਜਾ ਤਾਂ ਜੁਝਾਰ ਸਿੰਘ ਜੱਜ ਵਾਸੀ ਚੰਦਰ ਕਾਲੋਨੀ, ਮਨਦੀਪ ਸਿੰਘ ਮਨੂੰ, ਨਵਦੀਪ ਸਿੰਘ ਨਵ, ਸਤਨਾਮ ਸਿੰਘ ਸੱਤੂ, ਰਾਜਾ ਸਟਾਫ, ਰਾਜਬੀਰ ਸਿੰਘ ਰਾਜਾ, ਸਹਿਜਪਾਲ ਸਿੰਘ ਸਹਿਜਾ ਨੇ ਆਪਣੇ ਪੰਜ ਹੋਰ ਸਾਥੀਆਂ ਸਣੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋਂਕਿ ਜੁਝਾਰ ਸਿੰਘ ਜੱਜ ਨੇ ਉਸ ਉੱਪਰ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਜੋ ਉਸਦੀ ਲੱਤ ਵਿਚ ਲੱਗੀ। ਜ਼ਖ਼ਮੀ ਹੋਏ ਨੂੰ ਸਿਵਲ ਹਸਪਤਾਲ ਤਰਨਤਾਰਨ ਲਿਜਾਇਆ ਗਿਆ ਜਿਥੋਂ ਗੰਭੀਰ ਹਾਲਤ ਹੋਣ ਕਰਕੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ। ਉਸਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਜੁਝਾਰ ਸਿੰਘ ਜੱਜ ਆਦਿ ਨਾਲ ਉਸਦਾ ਝਗੜਾ ਹੋਇਆ ਸੀ, ਜਿਸਦੀ ਰੰਜਿਸ਼ 'ਚ ਇਹ ਹਮਲਾ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਤਰਨਤਾਰਨ ਦੇ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Posted By: Seema Anand