ਪੰਜਾਬੀ ਜਾਗਰਣ ਟੀਮ, ਤਰਨਤਾਰਨ - ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਰੂੜੇਆਸਲ ਵਿਖੇ ਪੰਚਾਇਤੀ ਚੋਣਾਂ ਲਈ ਪੈ ਰਹੀਆਂ ਵੋਟਾਂ ਮੌਕੇ ਬੂਥ ਕੈਪਚਰਿੰਗ ਦੀ ਸੂਚਨਾਂ ਤੋਂ ਬਾਅਦ ਕਵਰੇਜ ਲਈ ਪਹੁੰਚੇ ਇਲਕੈਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਉੱਪਰ ਕਾਂਗਰਸੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਟੀਵੀ ਪੱਤਰਕਾਰ ਸਿਧਾਰਥ ਅਰੋੜਾ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਜਦੋਂ ਕਿ ਉਸ ਦਾ ਕੈਮਰਾ ਅਤੇ ਲੋਗੋ ਆਈਡੀ ਨੂੰ ਵੀ ਭੀੜ ਵੱਲੋਂ ਨੁਕਸਾਨ ਪਹੁੰਚਾਇਆ ਗਿਆ। ਪੋਲਿੰਗ ਬੂਥ 'ਤੇ ਹੋਈ ਇਸ ਗੜਬੜੀ ਤੋਂ ਬਾਅਦ ਕਰੀਬ ਇਕ ਘੰਟਾ ਪੋਲਿੰਗ ਦਾ ਕੰਮ ਪ੍ਰਭਾਵਿਤ ਰਿਹਾ।

ਜਦੋਂ ਕਿ ਚੋਣ ਅਮਲੇ ਨੇ ਆਪਣੇ ਆਪ ਨੂੰ ਕਮਰਿਆਂ ਵਿਚ ਬੰਦ ਕਰਕੇ ਬਚਾਅ ਕੀਤਾ। ਸਿਧਾਰਥ ਅਰੋੜਾ ਦੇ ਸਾਥੀ ਟੀਵੀ ਪੱਤਰਕਾਰ ਮਨੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਟੀਮ ਸਮੇਤ ਪਿੰਡ ਰੂੜੇਆਸਲ ਵਿਖੇ ਬੂਥ ਕੈਪਚਰਿੰਗ ਦੀ ਸੂਚਨਾਂ ਮਿਲਣ ਤੋਂ ਬਾਅਦ ਉੱਥੇ ਪਹੁੰਚੇ ਸਨ। ਜਦੋਂ ਸਿਧਾਰਥ ਅਰੋੜਾ ਵੱਲੋਂ ਕੈਮਰੇ ਨਾਲ ਉਥੋਂ ਦੇ ਹਲਾਤਾਂ ਨੂੰ ਕਵਰ ਕਰਨਾ ਸ਼ੁਰੂ ਕੀਤਾ ਗਿਆ ਤਾਂ ਵੱਡੀ ਗਿਣਤੀ ਵਿਚ ਇਕੱਤਰ ਕਾਂਗਰਸੀਆਂ ਵੱਲੋਂ ਸਿਧਾਰਥ ਅਰੋੜਾ 'ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਵੱਲੋਂ ਸਿਧਾਰਥ ਅਰੋੜਾ ਦੇ ਹੱਥ ਵਿਚ ਫੜੇ ਕੈਮਰੇ ਅਤੇ ਲੋਗੋ ਆਈਡੀ ਨੂੰ ਜਮੀਨ ਤੇ ਸੁੱਟ ਦਿੱਤਾ ਗਿਆ। ਜਦੋਂ ਕਿ ਉਸ ਦੇ ਸਿਰ ਅਤੇ ਗਰਦਨ ਉੱਪਰ ਸੱਟਾਂ ਵੀ ਲੱਗੀਆਂ ਹਨ। ਮਨੀਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਐਸਐਸਪੀ ਦਰਸ਼ਨ ਸਿੰਘ ਮਾਨ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਪਿੰਡ ਰੂੜੇਆਸਲ ਦੇ ਪੋਲਿੰਗ ਬੂਥ ਤੇ ਵੋਟਾਂ ਪਾਉਣ ਦਾ ਕੰਮ ਮੁੜ ਤੋਂ ਸ਼ੁਰੂ ਕਰਵਾਇਆ। ਮਨੀਸ਼ ਸ਼ਰਮਾ ਨੇ ਕਿਹਾ ਕਿ ਪੱਤਰਕਾਰਾਂ ਉੱਪਰ ਹਮਲੇ ਕਰਨ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਦੀ ਹਾਜਰੀ ਵਿਚ ਉਨ੍ਹਾਂ ਉੱਪਰ ਇਹ ਹਮਲਾ ਹੋਇਆ ਅਤੇ ਜੇਕਰ ਇਕ ਪੁਲਿਸ ਕਰਮਚਾਰੀ ਸਿਧਾਰਥ ਅਰੋੜਾ ਨੂੰ ਭੀੜ ਚੋਂ ਨਾ ਕੱਢਦਾ ਤਾਂ ਉਸ ਨੂੰ ਗੰਭੀਰ ਸੱਟਾਂ ਲੱਗ ਸਕਦੀਆਂ ਸਨ। ਗੌਰਤਲਬ ਹੈ ਕਿ ਬੀਤੇ ਦਿਨੀਂ 'ਪੰਜਾਬੀ ਜਾਗਰਣ' ਦੇ ਜ਼ਿਲ੍ਹਾ ਦਫਤਰ ਵਿਚ ਦਾਖਲ ਹੋ ਕੇ ਗੁੰਡਾ ਅਨਸਰਾਂ ਨੇ ਜ਼ਿਲ੍ਹਾ ਇੰਚਾਰਜ ਜਸਪਾਲ ਸਿੰਘ ਜੱਸੀ ਨੂੰ ਵੀ ਜਖਮੀ ਕਰ ਦਿੱਤਾ ਸੀ। ਪੁਲਿਸ ਢਾਈ ਮਹੀਨੇ ਬੀਤਣ ਦੇ ਬਾਵਜੂਦ ਹਮਲਾਵਰਾਂ ਦਾ ਸੁਰਾਗ ਲਗਾਉਣ ਵਿਚ ਅਸਫਲ ਸਾਬਤ ਹੋਈ ਹੈ। ਚੋਣਾਂ ਦੀ ਕਵਰੇਜ ਪੱਤਰਕਾਰਾਂ ਉੱਪਰ ਹੋਏ ਹਮਲੇ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਦਰਸ਼ਨ ਸਿੰਘ ਮਾਨ ਦਾ ਕਹਿਣਾ ਹੈ ਕਿ ਰੂੜੇ ਆਸਲ ਵਿਚ ਵਾਪਰੀ ਘਟਨਾ ਦੀ ਇਕ ਪੱਤਰਕਾਰ ਵੱਲੋਂ ਬਣਾਈ ਗਈ ਵੀਡੀਓ ਦੇ ਅਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।