ਪੱਤਰ ਪ੍ਰੇਰਕ, ਤਰਨਤਾਰਨ : ਪਿੰਡ ਫਤਿਹਪੁਰ 'ਚ ਸਹੁਰੇ ਪਰਿਵਾਰ ਵੱਲੋਂ ਜਵਾਈ ਦੇ ਘਰ ਹਮਲਾ ਕਰ ਕੇ ਘਰ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਪੀੜਤ ਪਰਿਵਾਰ ਨੇ ਇਸ ਹਮਲੇ ਦੌਰਾਨ ਤਿੰਨ ਲੋਕਾਂ ਨੂੰ ਜ਼ਖ਼ਮੀ ਕਰਨ ਅਤੇ ਲੜਕੀ ਨਾਲ ਛੇੜਛਾੜ ਕਰਨ ਦਾ ਕਥਿਤ ਤੌਰ 'ਤੇ ਦੋਸ਼ ਵੀ ਲਗਾਇਆ ਹੈ। ਇਸ ਸਬੰਧੀ ਥਾਣਾ ਵਲਟੋਹਾ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਨਿਰਮਲ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਨਵਾਂ ਪਿੰਡ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਉਸ ਦੇ ਲੜਕੇ ਹਰਪਾਲ ਸਿੰਘ ਦਾ ਵਿਆਹ ਅਮਨਦੀਪ ਕੌਰ ਨਾਲ ਠੱਠੀ ਸੋਹਲ ਵਿਖੇ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਵਿਚ ਝਗੜਾ ਹੋਣ ਲੱਗ ਪਿਆ ਜਿਸ ਤਹਿਤ ਹਰਪਾਲ ਸਿੰਘ ਦਾ ਸਹੁਰਾ ਬਲਵਿੰਦਰ ਸਿੰਘ, ਉਸ ਦਾ ਲੜਕਾ ਇੰਦਰਜੀਤ ਸਿੰਘ ਵਾਸੀ ਠੱਠੀ ਸੋਹਲ ਉਸ ਦੀ ਨੂੰਹ ਤੇ ਦੋ ਲੜਕੀਆਂ ਨੂੰ ਘਰੋਂ ਲੈ ਗਿਆ, ਜਦਕਿ ਰਾਤ 10 ਵਜੇ ਦੋਵੇਂ ਪਿਓ-ਪੁੱਤਰਾਂ ਬੂਟਾ ਸਿੰਘ, ਪਿੰਦਰ ਕੌਰ ਪਤਨੀ ਬੂਟਾ ਸਿੰਘ ਵਾਸੀ ਮੱਖੀ ਕਲਾਂ ਨਾਲ ਮਿਲ ਕੇ ਉਨ੍ਹਾਂ ਦੇ ਘਰ ਆ ਗਏ।

ਉਨ੍ਹਾਂ ਆਉਂਦੇ ਹੀ ਘਰ ਦੀ ਭੰਨ-ਤੋੜ ਸ਼ੁਰੂ ਕਰ ਦਿੱਤੀ। ਹਮਲਾਵਰਾਂ ਵੱਲੋਂ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ ਤੇ ਘਰ 'ਚ ਮੌਜੂਦ ਲੜਕੀ ਨਾਲ ਛੇੜਛਾੜ ਕਰ ਕੇ ਫ਼ਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਏਐਸਆਈ ਸਾਹਿਬ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Posted By: Seema Anand