ਪੱਤਰ ਪ੍ਰਰੇਰਕ, ਝਬਾਲ : ਥਾਣਾ ਸਰਾਏ ਅਮਾਨਤ ਖਾਂ ਦੇ ਅਧੀਨ ਆਉਂਦੇ ਪਿੰਡ ਬੁਰਜ 169 ਵਿਖੇ ਕੁਝ ਵਿਅਕਤੀਆਂ ਨੇ ਘਰ 'ਤੇ ਹਮਲਾ ਕਰਦਿਆਂ ਚਲਾਏ ਇੱਟਾ ਰੋੜਿਆਂ ਨਾਲ 3 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਮਲੇ 'ਚ ਜ਼ਖਮੀ ਹੋਈ ਲੜਕੀ ਜੋਤਪਾਲ ਕੌਰ ਜੋਤੀ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਉਨ੍ਹਾਂ ਦੇ ਗੁਆਂਢ 'ਚ ਰਹਿੰਦੇ ਹਨ। ਘਰ ਦੇ ਨਜ਼ਦੀਕ ਰਹਿੰਦੇ ਕੁਝ ਲੋਕਾਂ ਦੀ ਉਨ੍ਹਾਂ ਨਾਲ ਪੁਰਾਣੀ ਰੰਜਿਸ਼ ਹੈ। ਜੋਤੀ ਨੇ ਕਥਿਤ ਤੌਰ 'ਤੇ ਦੱਸਿਆ ਕਿ ਉਹ ਤੇ ਉਸ ਦਾ ਪਰਿਵਾਰ ਜਦੋਂ ਆਪਣੇ ਰਿਸ਼ਤੇਦਾਰ ਦੇ ਘਰ ਜਾਂਦੇ ਹਨ ਤਾਂ ਉਕਤ ਲੋਕ ਉਨ੍ਹਾਂ ਨੂੰ ਗਲੀ ਵਿਚ ਲੰਘਣ ਤੋਂ ਰੋਕਦੇ ਹਨ ਤੇ ਕਹਿੰਦੇ ਹਨ ਤੁਹਾਨੂੰ ਉਨ੍ਹਾਂ ਦੇ ਘਰ ਜਾਣ ਵਾਸਤੇ ਗਲੀ 'ਚੋਂ ਨਹੀਂ ਲੰਘਣ ਦੇਣਾ। ਇਸੇ ਰੰਜਿਸ਼ ਤਹਿਤ ਕਰੀਬ ਡੇਢ ਦਰਜਨ ਹਮਲਾਵਰਾਂ ਨੇ ਉਨ੍ਹਾਂ ਦੇ ਘਰ 'ਤੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਜੋਤੀ ਨੇ ਦੱਸਿਆ ਕਿ ਇਸ ਹਮਲੇ ਵਿਚ ਉਹ, ਉਸ ਦਾ ਪਿਤਾ ਤੇ ਉਸ ਦੀ ਚਾਚੀ ਦੇ ਗੰਭੀਰ ਸੱਟਾਂ ਲੱਗ ਗਈਆਂ ਹਨ ਤੇ ਹਮਲੇ ਵਿਚ ਘਰ ਵਿਚਲੀ ਪਾਣੀ ਦੀ ਟੈਂਕੀ ਵੀ ਟੁੱਟ ਗਈ ਹੈ। ਇਸ ਸਬੰਧੀ ਥਾਣਾ ਸਰਾਏ ਅਮਨਾਤ ਖਾਂ ਦੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਦੀਪਕ ਕੁਮਾਰ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ। ਦੋਵੇਂ ਧਿਰਾਂ ਦੀ ਗੱਲਬਾਤ ਸੁਣ ਕੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।