ਪੰਜਾਬੀ ਜਾਗਰਣ ਟੀਮ, ਤਰਨਤਾਰਨ : ਫੋਨ ਕਰ ਕੇ ਤਰਨਤਾਰਨ ਨਿਵਾਸੀ ਵਿਅਕਤੀ ਕੋਲੋਂ 20 ਲੱਖ ਦੀ ਫਿਰੌਤੀ ਮੰਗਣ ਵਾਲੇ ਚਾਰ ਅਨਸਰਾਂ ਨੂੰ ਤਰਨਤਾਰਨ ਪੁਲਿਸ ਨੇ ਬੇਨਕਾਬ ਕਰਨ ਦਾ ਦਾਅਵਾ ਕਰਦਿਆਂ ਇਕ ਜਣੇ ਨੂੰ 32 ਬੋਰ ਦੇ ਪਿਸਤੌਲ ਸਣੇ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਇਨ੍ਹਾਂ ਅਨਸਰਾਂ ਨੇ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਲੰਡਾ ਦੇ ਕਹਿਣ ’ਤੇ ਇਹ ਫਿਰੌਤੀ ਮੰਗੀ ਸੀ। ਫ਼ਿਲਹਾਲ ਪੁਲਿਸ 3 ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕਰ ਰਹੀ ਹੈ।

ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ 21 ਜਨਵਰੀ ਨੂੰ ਵਿਜੇ ਕੁਮਾਰ ਸ਼ਰਮਾ ਵਾਸੀ ਸਰਕੂਲਰ ਰੋਡ, ਗਲੀ ਖ਼ਾਲਸਿਆਂ ਵਾਲੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਵ੍ਹਟਸਐਪ ਨੰਬਰ ’ਤੇ ਵਿਦੇਸ਼ੀ ਨੰਬਰ ’ਤੇ ਫੋਨ ਆਇਆ ਸੀ ਕਿ ਉਹ ਲਖਬੀਰ ਲੰਡਾ ਬੋਲ ਰਿਹਾ ਹੈ। ਉਸ ਨੇ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਫਿਰ ਉਸ ਨੂੰ ਕਿਹਾ ਗਿਆ ਕਿ 25 ਜਨਵਰੀ ਤਕ 10 ਲੱਖ ਰੁਪਏ ਨਾ ਦਿੱਤੇ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ। ਜਿਨ੍ਹਾਂ ਨੰਬਰਾਂ ਤੋਂ ਧਮਕੀ ਆ ਰਹੀ ਸੀ, ਉਨ੍ਹਾਂ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਨਿਸ਼ਾਨ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਗਲੀ ਘੋੜੀਆਂ ਵਾਲੀ ਸੱਚਖੰਡ ਰੋਡ ਤਰਨਤਾਰਨ (ਜੋ ਇਸ ਸਮੇਂ ਵਿਦੇਸ਼ ਵਿਚ ਹੈ) ਨੇ ਆਪਣੇ ਸਾਥੀ ਸੁਰਜੀਤ ਸਿੰਘ ਫੌਜੀ, ਲਵਜੀਤ ਸਿੰਘ ਵਾਸੀ ਗਲੀ ਵਕੀਲ ਵਾਲੀ ਸੱਚਖੰਡ ਰੋਡ ਤਰਨਤਾਰਨ ਤੇ ਸਰਵਣ ਸਿੰਘ ਵਾਸੀ ਚੰਦਰ ਕਾਲੋਨੀ ਤਰਨਤਾਰਨ ਨਾਲ ਮਿਲ ਕੇ ਫਿਰੌਤੀ ਮੰਗੀ ਹੈ। ਪੁਲਿਸ ਨੇ ਸੁਰਜੀਤ ਫੌਜੀ ਪੁੱਤਰ ਭੁਪਿੰਦਰ ਸਿੰਘ ਵਾਸੀ ਗਲੀ ਬਾਗੀ ਵਾਲੀ ਕੋਲੋਂ ਪਿਸਤੌਲ 32 ਬੋਰ ਤੇ 5 ਕਾਰਤੂਸ ਬਰਾਮਦ ਕਰ ਕੇ ਮੋਟਰਸਾਈਕਲ ਤੇ ਮੋਬਾਈਲ ਫੋਨ ਸਣੇ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਫੌਜੀ ਨੇ ਮੰਨਿਆ ਕਿ ਉਸ ਨੇ ਨਿਸ਼ਾਨ, ਲਵਜੀਤ ਤੇ ਸਰਵਣ ਨਾਲ ਮਿਲ ਕੇ ਫਿਰੌਤੀ ਮੰਗੀ ਸੀ। ਇਨ੍ਹਾਂ ਅਨਸਰਾਂ ਨੇ ਇਹ ਫਿਰੌਤੀ ਅੱਤਵਾਦੀ ਲੰਡੇ ਦੇ ਕਹਿਣ ’ਤੇ ਮੰਗੀ ਹੈ।

ਹਲਵਾਈ ਕੋਲੋਂ ਵੀ ਮੰਗੀ ਸੀ ਫਿਰੌਤੀ

ਐੱਸਐੱਸਪੀ ਨੇ ਦੱਸਿਆ ਕਿ ਫਿਰੌਤੀ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਨੇ ਤਰਨਤਾਰਨ ਵਿਚ ਮਠਿਆਈ ਦੀ ਦੁਕਾਨ ਚਲਾਉਂਦੇ ਦੀਪਕ ਸੂਦ ਵਾਸੀ ਤਰਨਤਾਰਨ ਤੇ ਹਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗਲੀ ਬਾਜਵੇ ਵਾਲੀ ਮੁਹੱਲਾ ਨਾਨਕਸਰ ਤਰਨਤਾਰਨ ਕੋਲੋਂ ਵੀ ਫਿਰੌਤੀ ਮੰਗੀ ਸੀ।

Posted By: Shubham Kumar