ਸਟਾਫ ਰਿਪੋਰਟਰ, ਤਰਨਤਾਰਨ : ਪੱਟੀ ’ਚ ਦੋ ਨੌਜਵਾਨਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਮੁਲਜ਼ਮਾਂ ਨੇ ਪਿੰਡ ਤਲਵੰਡੀ ਮੋਹਰ ਸਿੰਘ ਦੇ ਰਾਜ ਸਰਪੰਚ ਨਾਂ ਦੇ ਇਕ ਵਿਅਕਤੀ ਦੇ ਘਰ ਪਨਾਹ ਲਈ ਸੀ ਅਤੇ ਇਕ ਪਿਸਟਲ ਵੀ ਉਸਦੇ ਘਰ ਛੱਡ ਦਿੱਤਾ ਸੀ। ਇਹ ਪਿਸਟਲ ਰਾਜ ਸਰਪੰਚ ਦੇ ਪਿਤਾ ਨੇ ਕਤਲ ਦੀ ਜਾਂਚ ਲਈ ਬਣਾਈ ਗਈ ਐੱਸਆਈਟੀ ਨੂੰ ਸੌਂਪ ਦਿੱਤਾ ਜਿਸ ਤੋਂ ਬਾਅਦ ਰਾਜ ਸਰਪੰਚ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਛਗਿੱਛ ਕੀਤੀ ਜਾ ਰਹੀ ਹੈ।

ਦੱਸਣਾ ਬਣਦਾ ਹੈ ਕਿ 27 ਮਈ ਨੂੰ ਪੀਰ ਦੀ ਦਰਗਾਹ ’ਤੇ ਸੇਵਾ ਕਰਕੇ ਆ ਰਹੇ ਅਮਨਦੀਪ ਸਿੰਘ ਉਰਫ ਅਮਨ ਫੌਜੀ ਅਤੇ ਪ੍ਰਭਦੀਪ ਸਿੰਘ ਉਰਫ ਪੂਰਨ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਕਾਂਡ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਸਿੱਟ ਦਾ ਵੀ ਗਠਨ ਕੀਤਾ ਗਿਆ ਸੀ ਜਿਸ ਨੇ ਤਫਤੀਸ਼ ਦੌਰਾਨ 31 ਮਈ ਨੂੰ ਮਲਕੀਤ ਸਿੰਘ ਉਰਫ ਲੱਡੂ ਪੁੱਤਰ ਮੇਜਰ ਸਿੰਘ ਵਾਸੀ ਵਾਰਡ ਨੰਬਰ 13 ਪੱਟੀ ਨੂੰ ਗਿ੍ਫ਼ਤਾਰ ਕਰ ਲਿਆ ਸੀ।

ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ 1 ਜੂਨ ਨੂੰ ਲੱਡੂ ਨੂੰ ਅਦਾਲਤ ਵਿਚ ਪੇਸ਼ ਕਰਕੇ ਚਾਰ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ। ਜਿਸ ਦੌਰਾਨ ਕੀਤੀ ਪੁੱਛ ਗਿੱਛ ਮੌਕੇ ਲੱਡੂ ਨੇ ਦੱਸਿਆ ਕਿ ਵਾਰਦਾਤ ਕਰਨ ਤੋਂ ਬਾਅਦ ਉਹ, ਪ੍ਰੀਤ ਸੇਖੋਂ ਅਤੇ ਉਸਦੇ ਸਾਥੀ ਦੇ ਨਾਲ ਰਾਜਵਿੰਦਰ ਸਿੰਘ ਉਰਫ ਰਾਜ ਸਰਪੰਚ ਦੇ ਘਰ ਠਹਿਰੇ ਸਨ। ਜਿਸ ਦੌਰਾਨ ਉਸਨੇ ਆਪਣਾ ਪਿਸਟਲ ਵੀ ਰਾਜ ਸਰਪੰਚ ਦੇ ਘਰ ਹੀ ਰਹਿਣ ਦਿੱਤਾ।

ਉਨ੍ਹਾਂ ਦੱਸਿਆ ਕਿ ਉਕਤ ਪਿਸਟਲ ਰਾਜ ਸਰਪੰਚ ਦੇ ਪਿਤਾ ਨੇ ਐੱਸਆਈਟੀ ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਰਾਜਵਿੰਦਰ ਸਿੰਘ ਉਰਫ ਰਾਜ ਸਰਪੰਚ ਨੂੰ ਪ੍ਰੀਤ ਸੇਖੋਂ ਅਤੇ ਉਸਦੇ ਸਾਥੀ ਨੂੰ ਪਨਾਹ ਦੇਣ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਪੰਚ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨਾ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ, ਜਿਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕਤਲ ਕਾਂਡ ਦਾ ਮਾਸਟਰ ਮਾਈਂਡ ਲਖਬੀਰ ਸਿੰਘ ਉਰਫ ਲੰਡਾ ਜਿਸ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ, ਇਸ ਸਮੇਂ ਕੈਨੇਡਾ ਵਿਚ ਰਹਿ ਰਿਹਾ ਹੈ ਜਿਸ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪੁਲਿਸ ਵੱਲੋਂ ਐੱਲਓਸੀ ਜਾਰੀ ਕੀਤੀ ਜਾ ਚੁੱਕੀ ਹੈ।

Posted By: Jagjit Singh