v> ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਕਸਬਾ ਹਰੀਕੇ ਪੱਤਣ ਵਿਖੇ ਬੁੱਧਵਾਰ ਦੁਪਹਿਰ ਕਰੀਬ ਡੇਢ ਵਜੇ ਘਰ ਵਿਚ ਦਾਖਲ ਹੋਏ ਦੋ ਨੌਜਵਾਨਾਂ ਨੇ ਸੁੱਤੀ ਪਈ ਬਜ਼ੁਰਗ ਔਰਤ ਦੇ ਕੰਨਾਂ ਵਿਚੋਂ ਵਾਲੀਆਂ ਲਾਹ ਲਈਆਂ ਅਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਮੁਲਜ਼ਮਾਂ ਕੋਲ ਅਪਾਚੀ ਨਾਂ ਦਾ ਮੋਟਰਸਾਈਕਲ ਦੱਸਿਆ ਜਾ ਰਿਹਾ ਹੈ।

ਜਗਦੀਸ਼ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਹਰੀਕੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਮਾਤਾ ਰਤਨ ਕੌਰ ਘਰ ਵਿਚ ਸੁੱਤੀ ਪਈ ਸੀ। ਕਰੀਬ ਡੇਢ ਵਜੇ ਦੋ ਮੁੰਡੇ ਘਰ ਅੰਦਰ ਦਾਖਲ ਹੋਏ ਅਤੇ ਮਾਤਾ ਦੇ ਕੰਨਾਂ ਵਿਚੋਂ ਕਰੀਬ ਇਕ ਤੋਲੇ ਦੀਆਂ ਵਾਲੀਆਂ ਖਿੱਚ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮਾਤਾ ਵੱਲੋਂ ਰੌਲਾ ਪਾਉਣ ’ਤੇ ਆਂਢੀ-ਗੁਆਂਢੀ ਬਾਹਰ ਤਾਂ ਆਏ ਪਰ ਇੰਨੇ ਵਿਚ ਹੀ ਦੋਵੇਂ ਖੋਹਬਾਜ਼ ਕਾਲੇ ਰੰਗ ਦੇ ਅਪਾਚੀ ਮੋਟਰਸਾਈਕਲ ਰਾਹੀਂ ਫਰਾਰ ਹੋ ਗਏ। ਥਾਣਾ ਹਰੀਕੇ ਦੇ ਮੁਖੀ ਦਾ ਕਹਿਣਾ ਹੈ ਕਿ ਖੋਹਬਾਜ਼ਾਂ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ। ਦੱਸਣਾ ਬਣਦਾ ਹੈ ਕਿ ਇਲਾਕੇ ਵਿਚ ਵਾਪਰ ਰਹੀਆਂ ਘਟਨਾਵਾਂ ਦੇ ਕਰਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

Posted By: Susheel Khanna