ਗੁਰਬਰਿੰਦਰ ਸਿੰਘ, ਫਤਿਆਬਾਦ : ਜਨਮ ਤੋਂ ਗੂੰਗੇ ਅਤੇ ਬਹਿਰੇ ਨਬਾਲਗ ਨੂੰ ਮਜ਼ਦੂਰੀ ਲਈ ਘਰੋਂ ਲਿਜਾਉਣ ਤੋਂ ਬਾਅਦ ਕਿਸੇ ਹੋਰ ਕੰਮ ਲਈ ਬੰਦੀ ਬਣਾ ਕੇ ਰੱਖਣ ਦੇ ਕਥਿਤ ਦੋਸ਼ ਹੇਠ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵਿਖੇ ਵਿਅਕਤੀ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਦਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਅਤੇ ਉਕਤ ਲੜਕੇ ਦੀ ਬਰਾਮਦਗੀ ਲਈ ਪੁਲਿਸ ਨੇ ਕਾਰਵਾਈ ਆਰੰਭ ਦਿੱਤੀ ਹੈ।

ਸੁਰਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਭਰੋਵਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ 16 ਸਾਲਾ ਲੜਕਾ ਗੋਪੀ ਸਿੰਘ ਜੋ ਜਨਮ ਤੋਂ ਹੀ ਗੂੰਗਾ ਅਤੇ ਬਹਿਰਾ ਹੈ ਨੂੰ 2 ਜੁਲਾਈ ਵਾਲੇ ਦਿਨ ਪਿੰਡ ਦਾ ਹੀ ਇਕ ਠੇਕੇਦਾਰ ਸਰਬਜੀਤ ਸਿੰਘ ਪੁੱਤਰ ਮੰਗਲ ਸਿੰਘ ਮਜ਼ਦੂਰੀ ਲਈ ਆਪਣੇ ਨਾਲ ਪਿੰਡ ਲਹੁਕੇ ਲੈ ਕੇ ਗਿਆ ਸੀ। ਜਦੋਂ ਉਹ ਦੇਰ ਰਾਤ ਤਕ ਘਰ ਵਾਪਸ ਨਾ ਆਇਆ ਤਾਂ ਉਹ ਸਰਬਜੀਤ ਸਿੰਘ ਦੇ ਘਰ ਆਪਣੇ ਲੜਕੇ ਬਾਰੇ ਪੁੱਛਣ ਲਈ ਗਏ। ਜਿਸਤੇ ਸਰਬਜੀਤ ਸਿੰਘ ਨੇ ਉਨ੍ਹਾਂ ਨੂੰ ਕੋਈ ਸਹੀ ਜਵਾਬ ਨਾ ਦਿੱਤਾ ਅਤੇ ਮੰਦੇ ਬੋਲ ਵੀ ਬੋਲੇ। ਉਨ੍ਹਾਂ ਨੇ ਸ਼ਿਕਾਇਤ ਵਿਚ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਲੜਕੇ ਗੋਪੀ ਨੂੰ ਸਰਬਜੀਤ ਸਿੰਘ ਨੇ ਕਿਤੇ ਹੋਰ ਕੰਮ ਲਈ ਬੰਦੀ ਬਣਾ ਕੇ ਰੱਕਿਆ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਮੇਜ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਜਲਦ ਸੁਲਝਾ ਲਿਆ ਜਾਵੇਗਾ।

Posted By: Tejinder Thind