ਪੱਤਰ ਪ੍ਰੇਰਕ, ਤਰਨਤਾਰਨ : ਬਹੁਚਰਚਿਤ ਹੈਲੀਕਾਪਟਰ ਹਾਦਸੇ ਵਿਚ ਸ਼ਹੀਦ ਹੋਏ ਤਰਨਤਾਰਨ ਦੇ ਪਿੰਡ ਦੋਦੇ ਨਿਵਾਸੀ ਜਵਾਨ ਦੀ ਪਤਨੀ ਨਾਲ ਉਸਦੀ ਦਰਾਣੀ ਵੱਲੋਂ ਕਥਿਤ ਤੌਰ ’ਤੇ ਆਪਣੇ ਪੇਕੇ ਪਰਿਵਾਰ ਨੂੰ ਬੁਲਾ ਕੇ ਕੁੱਟਮਾਰ ਕਰਵਾਉਣ ਦੇ ਦੋਸ਼ ਹੇਠ ਥਾਣਾ ਖਾਲੜਾ ਵਿਖੇ ਮੁਕੱਦਮਾਂ ਦਰਜ ਕੀਤਾ ਗਿਆ ਹੈ। ਇਹ ਮਾਮਲਾ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ।

ਜਸਪ੍ਰੀਤ ਕੌਰ ਵਾਸੀ ਪਿੰਡ ਦੋਦੇ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸਦਾ ਪਤੀ ਨਾਇਕ ਗੁਰਸੇਵਕ ਸਿੰਘ ਜੋ ਸਪੈਸ਼ਲ ਫੋਰਸ ਵਿਚ ਤਾਇਨਾਤ ਸੀ ਨੇ ਬਹੁਚਰਚਿਤ ਹੈਲੀਕਾਪਟਰ ਹਾਦਸੇ ਵਿਚ ਵੀਰਗਤੀ ਪ੍ਰਾਪਤ ਕੀਤੀ ਸੀ। ਪਤੀ ਦੀ ਸ਼ਹਾਦਤ ਤੋਂ ਬਾਅਦ ਉਹ ਸਰੀਰਕ ਪੱਖੋਂ ਨਾਜੁਕ ਰਹਿਣ ਲੱਗ ਪਈ ਸੀ। ਉਸਦੇ ਬੱਚੇ ਤੇ ਉਸਦੀ ਦਰਾਣੀ ਦੇ ਬੱਚਿਆਂ ਵਿਚ ਝਗੜੇ ਤੋਂ ਉਸਦੀ ਦਰਾਣੀ ਨੇ ਆਪਣੇ ਸਹੁਰੇ ਪਰਿਵਾਰ ’ਤੇ ਦਾਜ ਮੰਗਣ ਸਬੰਧੀ ਝੂਠੀਆਂ ਸ਼ਿਕਾਇਤਾਂ ਦੇਣ ਤੋਂ ਇਲਾਵਾ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੰਦੀ ਸੀ। 13 ਫਰਵਰੀ ਨੂੰ ਉਸਦੀ ਦਰਾਣੀ ਨੇ ਆਪਣੇ ਪੇਕੇ ਪਰਿਵਾਰ ਨੂੰ ਬੁਲਾ ਕੇ ਉਸ ’ਤੇ ਹਮਲਾ ਕੀਤਾ ਤੇ ਸਿਰ ਦੇ ਵਾਲਾਂ ਤੋਂ ਫੜ੍ਹ ਕੇ ਗਲਾ ਘੁੱਟਣ ਦੀ ਕੋਸ਼ਿਸ ਕੀਤੀ। ਉਸਦੇ ਸਿਰ ਦੀਆਂ ਨਾੜਾਂ ਕਮਜੋਰ ਹਨ, ਜਿਸਦਾ ਇਲਾਜ ਚੱਲ ਰਿਹਾ ਹੈ। ਇਹ ਸਭ ਕੁਝ ਹਮਲਾ ਕਰਨ ਵਾਲੇ ਵੀ ਜਾਣਦੇ ਸਨ ਕਿ ਉਸਦੀ ਦਿਮਾਗੀ ਹਾਲਤ ਖਰਾਬ ਹੋ ਸਕਦੀ ਹੈ। ਇਸੇ ਕਰਕੇ ਉਸਦੇ ਵਾਲ ਖਿੱਚੇ ਗਏ। ਉਕਤ ਸ਼ਿਕਾਇਤ ਦੀ ਪੜਤਾਲ ਥਾਣਾ ਖਾਲੜਾ ਦੇ ਮੁਖੀ ਵੱਲੋਂ ਕੀਤੇ ਜਾਣ ਉਪਰੰਤ ਐੱਸਐੱਸਰੀ ਰਣਜੀਤ ਸਿੰਘ ਢਿੱਲੋਂ ਦੇ ਹੁਕਮਾਂ ’ਤੇ ਥਾਣਾ ਖਾਲੜਾ ਦੀ ਪੁਲਿਸ ਨੇ ਜੋਤੀ ਬਾਲਾ ਪਤਨੀ ਅਮਰ ਸਿੰਘ ਵਾਸੀ ਦੋਦੇ, ਜਗਸੀਰ ਸਿੰਘ, ਉਸਦੇ ਲੜਕੇ ਸਲਵਿੰਦਰ ਸਿੰਘ, ਲੜਕੀ ਆਰਤੀ ਰਾਣੀ ਤੋਂ ਇਲਾਵਾ ਦਰਸ਼ਨਾ ਪਤਨੀ ਬਿੱਟੂ ਅਤੇ ਸ਼ੈਂਟੀ ਵਾਸੀ ਭੋਲੂ ਰੋਡ ਫਰੀਦਕੋਟ ਨੂੰ ਵੱਖ ਵੱਖ ਧਾਰਾਵਾਂ ਦੇ ਤਹਿਤ ਨਾਮਜਦ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਖਾਲੜਾ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਨਾਮਜਦ ਲੋਕਾਂ ਦੀ ਗਿ੍ਰਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

Posted By: Shubham Kumar