ਪੱਤਰ ਪੇ੍ਰਰਕ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੇਸ਼ ਕੀਤੇ ਪਲੇਠੇ ਬਜਟ ਵਿਚ ਪੰਜਾਬ ਦੀ ਰੀੜ੍ਹ ਦੀ ਹੱਡੀ ਖੇਤੀਬਾੜੀ ਕਿੱਤੇ ਨੂੰ ਪੂਰੀ ਤਰਾਂ੍ਹ ਵਿਸਾਰ ਦਿੱਤਾ ਗਿਆ ਹੈ।

ਬਜਟ ਵਿਚ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ, ਕਰਜ਼ੇ ਕਾਰਨ ਹੋ ਰਹੀਆਂ ਖ਼ੁਦਕੁਸ਼ੀਆਂ, ਮੱਕੀ, ਤੇਲ, ਬੀਜ, ਸਬਜ਼ੀਆਂ ਅਤੇ ਹੋਰ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਬਾਰੇ ਚੁੱਪ ਰਹਿਣਾ ਤੇ ਧਰਤੀ ਹੇਠਲੇ ਪਾਣੀ ਦੇ ਖ਼ਤਰਨਾਕ ਹੱਦ ਤਕ ਹੇਠਾਂ ਜਾਣ, ਦਰਿਆਵਾਂ, ਡਰੇਨਾਂ ਵਿਚ ਪੈ ਰਹੇ ਫੈਕਟਰੀਆਂ ਦੇ ਗੰਦੇ ਪਾਣੀ ਨੂੰ ਰੋਕਣ ਅਤੇ ਬਰਸਾਤਾਂ ਦੇ ਪਾਣੀ ਨੂੰ ਸੰਭਾਲਣ ਤੇ ਧਰਤੀ ਹੇਠਾਂ ਭੇਜਣ ਦੀ ਵਿਧੀ ਬਾਰੇ ਕੋਈ ਠੋਸ ਤਜਵੀਜ਼ ਨਾ ਰੱਖਣੀ ਭਗਵੰਤ ਮਾਨ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਦੇ ਮੂੰਹ ਬੋਲਦੀ ਤਸਵੀਰ ਹੈ।

ਕਿਸਾਨ ਆਗੂਆਂ ਨੇ ਕਿਸਾਨ ਤੇ ਮਜ਼ਦੂਰ ਵਿਰੋਧੀ ਪੰਜਾਬ ਦੇ ਬਜਟ ਦੀ ਸਖ਼ਤ ਨਿਖੇਧੀ ਕੀਤੀ ਤੇ ਜ਼ੋਰਦਾਰ ਮੰਗ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕੀਤਾ ਜਾਵੇ, ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ, ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਉਨਾਂ੍ਹ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ। ਸਿਰਫ ਮੂੰਗੀ ਨਾਲ ਨਹੀਂ ਸਰਨਾ। ਬਾਕੀ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ਤੇ ਖੇਤੀਬਾੜੀ ਆਧਾਰਿਤ ਛੋਟੀਆਂ ਸਨਅਤਾਂ ਪਿੰਡਾਂ ਵਿਚ ਲਗਾਈਆਂ ਜਾਣ, ਖੇਤੀ, ਸਿੰਚਾਈ ਲਈ ਨਹਿਰੀ ਪਾਣੀ ਦਾ ਨਵੀਨੀਕਰਨ ਕਰ ਕੇ ਪਾਣੀ ਟੇਲਾਂ ਤਕ ਪੁੱਜਦਾ ਕੀਤਾ ਜਾਵੇ।

ਪਾਣੀ ਦੇ ਸੋਮਿਆਂ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਗੰਦਾ ਪਾਣੀ ਪਾਉਣ ਵਾਲੀਆਂ ਫੈਕਟਰੀਆਂ ਨੂੰ ਤੁਰੰਤ ਬੰਦ ਕਰ ਕੇ ਮਾਲਕਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਕਿਸਾਨ ਆਗੂਆਂ ਨੇ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਦੇ ਹੱਲ ਲਈ ਤਿੱਖੇ ਸੰਘਰਸ਼ ਦੇ ਰਾਹ ਪੈਣ ਲਈ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ।