ਬੱਲੂ ਮਹਿਤਾ, ਪੱਟੀ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੈਦਪੁਰ ਨਿਵਾਸੀ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਮ੍ਰਿਤਕ ਨੂੰ ਘਰੋਂ ਲਿਜਾਣ ਵਾਲੇ ਦੋ ਨੌਜਵਾਨਾਂ ਵਿਰੁੱਧ ਗ਼ੈਰ ਇਰਾਦਨ ਹੱਤਿਆ ਦਾ ਕੇਸ ਦਰਜ ਕੀਤਾ ਹੈ। ਜਦੋਂਕਿ ਪਰਿਵਾਰ ਦਾ ਦੋਸ਼ ਹੈ ਕਿ ਮਰਨ ਵਾਲੇ ਨੌਜਵਾਨ ਨੂੰ ਇਨ੍ਹਾਂ ਨੌਜਵਾਨਾਂ ਨੇ ਹੀ ਨਸ਼ੇ ’ਤੇ ਲਗਾਇਆ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮਨਜੀਤ ਸਿੰਘ ਵਾਸੀ ਸੈਦਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਥਿਤ ਤੌਰ ’ਤੇ ਦੋਸ਼ ਲਾਇਆ ਕਿ ਉਸ ਦੇ 25 ਸਾਲਾਂ ਲੜਕੇ ਕੰਵਲਜੀਤ ਸਿੰਘ ਨੂੰ ਗੋਪੀ ਪੁੱਤਰ ਮੁਖਤਿਆਰ ਸਿੰਘ ਵਾਸੀ ਸੈਦਪੁਰ ਤੇ ਜੱਗਾ ਵਾਸੀ ਅੰਮ੍ਰਿਤਸਰ ਨੇ ਨਸ਼ੇ ਦਾ ਆਦੀ ਬਣਾ ਦਿੱਤਾ ਸੀ। ਸਵੇਰੇ ਕਰੀਬ ਸਾਢੇ 8 ਵਜੇ ਦੋਵੇਂ ਜਣੇ ਉਸ ਦੇ ਲੜਕੇ ਨੂੰ ਲੈਣ ਲਈ ਆਏ। ਉਸ ਦੇ ਰੋਕਣ ਦੇ ਬਾਵਜੂਦ ਉਕਤ ਦੋਵੇਂ ਜਣੇ ਉਸ ਦੇ ਲੜਕੇ ਨੂੰ ਧੱਕੇ ਨਾਲ ਆਪਣੇ ਨਾਲ ਲੈ ਗਏ। ਜਦੋਂਕਿ ਸ਼ਾਮ ਕਰੀਬ ਸਾਢੇ ਚਾਰ ਵਜੇ ਉਸ ਦੇ ਲੜਕੇ ਨੂੰ ਬੇਹੋਸ਼ੀ ਦੀ ਹਾਲਤ ’ਚ ਘਰ ਸੁੱਟ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਕੰਵਲਜੀਤ ਸਿੰਘ ਦੀ ਬਾਂਹ ਉੱਪਰ ਟੀਕੇ ਲੱਗਣ ਦੇ ਦੋ ਨਿਸ਼ਾਨ ਸਨ ਤੇ ਬਾਂਹ ’ਤੇ ਸੋਜ ਵੀ ਸੀ। ਗੰਭੀਰ ਹਾਲਤ ਵਿਚ ਉਹ ਲੜਕੇ ਨੂੰ ਇਲਾਜ ਲਈ ਲਿਜਾ ਰਹੇ ਸੀ ਤਾਂ ਰਸਤੇ 'ਚ ਹੀ ਉਸਦੀ ਮੌਤ ਹੋ ਗਈ। ਉਸ ਨੇ ਦੋਸ਼ ਲਗਾਇਆ ਕਿ ਕੰਵਲਜੀਤ ਸਿੰਘ ਦੀ ਮੌਤ ਦੋਵਾਂ ਦੀ ਅਣਗਿਹਲੀ ਕਾਰਨ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਪੱਟੀ ਦੇ ਸਬ ਇੰਸਪੈਕਟਰ ਗੁਰਤੇਜ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਨਾਮਜਦ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜਦੋਂਕਿ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

Posted By: Amita Verma