ਪੱਤਰ ਪ੍ਰੇਰਕ, ਤਰਨਤਾਰਨ : ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਮੋਟਰਸਾਈਕਲ ਸਵਾਰ ਭੈਣ-ਭਰਾ ਨੂੰ ਤੇਜ਼ ਰਫ਼ਤਾਰ ਬਰੀਜ਼ਾ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਭਰਾ ਦੀ ਹਸਪਤਾਲ 'ਚ ਮੌਤ ਹੋ ਗਈ। ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

ਬਲਵਿੰਦਰ ਕੌਰ ਪਤਨੀ ਤੇਜਬੀਰ ਸਿੰਘ ਵਾਸੀ ਸੁਹਾਵਾ ਨੇ ਦੱਸਿਆ ਕਿ ਉਹ ਆਪਣੇ ਭਰਾ ਗੁਰਚਰਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਧੂੰਦਾ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੁਰਦੁਆਰਾ ਬਾਬਾ ਰਾਮ ਸਿੰਘ ਸਰਹਾਲੀ ਸਾਹਿਬ ਮੱਥਾ ਟੇਕਣ ਲਈ ਗਈ ਸੀ। ਜਦੋਂ ਉਹ ਟੀ-ਪੁਆਇੰਟ ਪੱਟੀ ਰੋਡ ਸਰਹਾਲੀ ਤੋਂ ਸੁਹਾਵਾ ਨੂੰ ਮੁੜ ਲੱਗੇ ਤਾਂ ਤੇਜ਼ ਰਫ਼ਤਾਰ ਬਰੀਜ਼ਾ ਕਾਰ ਨੰਬਰ ਪੀਬੀ 46 ਜੈੱਡ 8332 ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਦੋਵੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਦੌਰਾਨ ਉਸਦੇ ਭਰਾ ਨੂੰ ਅਮਨਦੀਪ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ। ਘਟਨਾ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਕਾਰ ਸਵਾਰ ਦੀ ਪਛਾਣ ਅੰਗਰੇਜ਼ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕੈਰੋਂਵਾਲ ਦੇ ਤੌਰ 'ਤੇ ਹੋਈ ਹੈ। ਜਿਸ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

Posted By: Tejinder Thind