ਰਾਜਨ ਚੋਪੜਾ, ਭਿੱਖੀਵਿੰਡ : ਜੰਮੂ ਕਸ਼ਮੀਰ ’ਚ ਸ੍ਰੀ ਅਮਰਨਾਥ ਯਾਤਰਾ ਦੌਰਾਨ ਡਿਊਟੀ ਨਿਭਾਅ ਕੇ ਪਰਤ ਰਹੀ ਆਈਟੀਬੀਪੀ ਦੇ ਜਵਾਨਾਂ ਨਾਲ ਭਰੀ ਬੱਸ ਨੂੰ ਪਹਿਲਗਾਮ ਨਜਦੀਕ ਵਾਪਰੇ ਹਾਦਸੇ ਦੌਰਾਨ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਨਿਹਾਲਾ ਜੈ ਸਿੰਘ ਦਾ ਜਵਾਨ ਦੁੱਲਾ ਸਿੰਘ ਪੁੱਤਰ ਬੂਟਾ ਸਿੰਘ ਵੀ ਸ਼ਹੀਦ ਹੋ ਗਿਆ ਹੈ। ਬਾਅਦ ਦੁਪਹਿਰ ਜਿਵੇਂ ਹੀ ਉਸਦੀ ਮੌਤ ਦੀ ਖਬਰ ਘਰ ਪੁੱਜੀ ਤਾਂ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਵੇਖਦੇ ਹੀ ਵੇਖਦੇ ਸਮੁੱਚਾ ਪਿੰਡ ਦੁੱਖ ਸਾਂਝਾ ਕਰਨ ਲਈ ਜਵਾਨ ਦੇ ਘਰ ਜੁੜਨਾ ਸ਼ੁਰੂ ਹੋ ਗਿਆ।

ਪਿੰਡ ਮਨਿਹਾਲਾ ਜੈ ਸਿੰਘ ਵਿਖੇ ਸ਼ਹੀਦ ਦੇ ਘਰ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁੱਲਾ ਸਿੰਘ 1993 ’ਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਇੰਡੋ ਤਿੱਬਤੀਅਨ ਬਾਰਡਰ ਪੁਲਿਸ ਦੀ 64 ਬਟਾਲੀਅਨ ਵਿਚ ਬਤੌਰ ਹਵਲਦਾਰ ਸੇਵਾਵਾਂ ਨਿਭਾਅ ਰਿਹਾ ਸੀ। ਉਨ੍ਹਾਂ ਦੀ ਬਟਾਲੀਅਨ ਕਸ਼ਮੀਰ ਵਿਖੇ ਸ੍ਰੀ ਅਮਰਨਾਥ ਯਾਤਰਾ ਦੌਰਾਨ ਡਿਊਟੀ ’ਤੇ ਗਈ ਸੀ ਅਤੇ ਵਾਪਸੀ ਸਮੇਂ ਪਹਿਲਗਾਮ ਨਜਦੀਕ ਬੱਸ ਨੂੰ ਹਾਦਸਾ ਵਾਪਰ ਗਿਆ। ਦੁੱਲਾ ਸਿੰਘ ਆਪਣੇ ਪਿੱਛੇ ਪਤਨੀ ਜਗਦੀਪ ਕੌਰ, ਪੁੱਤਰ ਤੀਰਥਪਾਲ ਸਿੰਘ ਅਤੇ ਪੁੱਤਰੀਆਂ ਰਮਨਦੀਪ ਕੌਰ ਤੇ ਪਵਨਦੀਪ ਕੌਰ ਛੱਡ ਗਿਆ ਹੈ। ਸ਼ਹੀਦ ਦੇ ਭਰਾ ਨੇ ਦੱਸਿਆ ਕਿ ਪਹਿਲਾਂ ਹਾਦਸੇ ਸਬੰਧੀ ਖਬਰ ਆਈ ਸੀ ਅਤੇ ਫਿਰ ਬਾਅਦ ਦੁਪਹਿਰ ਦੁੱਲਾ ਸਿੰਘ ਦੇ ਸ਼ਹੀਦ ਹੋਣ ਸਬੰਧੀ ਸੂਚਨਾ ਮਿਲਣ ’ਤੇ ਸਮੁੱਚਾ ਪਰਿਵਾਰ ਸਦਮੇ ਵਿਚ ਹੈ। ਸ਼ਹੀਦ ਦੇ ਘਰ ਪਹੁੰਚੇ ਇਲਾਕੇ ਨਾਲ ਸਬੰਧਤ ਥਾਣਾ ਕੱਚਾ ਪੱਕਾ ਦੇ ਮੁਖੀ ਮੁਖਿੰਦਰ ਸਿੰਘ ਨੇ ਦੱਸਿਆ ਕਿ ਦੁੱਲਾ ਸਿੰਘ ਦੀ ਦੇਹ ਬੁੱਧਵਾਰ ਨੂੰ ਸਵੇਰੇ ਪਿੰਡ ਪਹੁੰਚੇਗੀ। ਜਿਥੇ ਉਸਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ।

Posted By: Jagjit Singh