ਲਵਦੀਪ ਦੇਵਗਨ, ਸਰਹਾਲੀ ਕਲਾਂ : ਕੌਮੀ ਸ਼ਾਹ ਮਾਰਗ 54 'ਤੇ ਪੈਂਦੇ ਪਿੰਡ ਠੱਠੀਆਂ ਮਹੰਤਾਂ ਕੋਲ ਰਿਕਸ਼ਾ ਰੇਹੜੀ 'ਤੇ ਸਵਾਰ ਹੋ ਕੇ ਮਜ਼ਦੂਰੀ ਕਰਨ ਲਈ ਭੱਠੇ 'ਤੇ ਜਾ ਰਹੇ ਪਰਿਵਾਰ ਨੂੰ ਤੇਜ਼ ਰਫ਼ਤਾਰ ਟਰੱਕ ਨੇ ਪਿੱਛੋਂ ਆ ਕੇ ਦਰੜ ਦਿੱਤਾ। ਰਿਕਸ਼ੇ 'ਤੇ ਸਵਾਰ ਪਤੀ, ਪਤਨੀ 'ਤੇ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂਕਿ ਹਾਦਸੇ ਨੂੰ ਅੰਜਾਮ ਦੇਣ ਵਾਲੇ ਟਰੱਕ ਨੂੰ ਚਾਲਕ ਮੌਕੇ ਤੋਂ ਭਜਾ ਕੇ ਲੈ ਗਿਆ।

ਜਾਣਕਾਰੀ ਅਨੁਸਾਰ ਨਰਿੰਦਰ ਸਿੰਘ (48) ਪੁੱਤਰ ਲਾਲ ਸਿੰਘ ਆਪਣੀ ਪਤਨੀ ਬਲਵਿੰਦਰ ਕੌਰ (44) ਅਤੇ ਲੜਕੀ ਰਾਜਬੀਰ ਕੌਰ (17) ਨਾਲ ਰਿਕਸ਼ਾ ਰੇਹੜੀ 'ਤੇ ਸਵਾਰ ਹੋ ਕੇ ਪਿੰਡ ਠੱਠੀਆਂ ਮਹੰਤਾ ਵਿਖੇ ਸਥਿਤ ਇੱਟਾਂ ਦੇ ਭੱਠੇ ਉੱਪਰ ਮਜ਼ਦੂਰੀ ਕਰਨ ਲਈ ਬੁੱਧਵਾਰ ਸਵੇਰੇ ਜਾ ਰਿਹਾ ਸੀ। ਸਵਾ ਅੱਠ ਵਜੇ ਦੇ ਕਰੀਬ ਠੱਠੀਆਂ ਮਹੰਤਾਂ ਤੋਂ ਪਹਿਲਾਂ ਹੀ ਪਿੱਛੋਂ ਆ ਰਹੇ ਇਕ ਟਰੱਕ ਨੇ ਰਿਕਸ਼ਾ ਰੇਹੜੀ ਨੂੰ ਆਪਣੀ ਲਪੇਟ 'ਚ ਲੈ ਲਿਆ ਜਿਸ ਕਾਰਨ ਨਰਿੰਦਰ ਸਿੰਘ ਅਤੇ ਰਾਜਬੀਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਲਵਿੰਦਰ ਕੌਰ ਨੂੰ ਤਰਨਤਾਰਨ ਦੇ ਹਸਪਤਾਲ ਲਿਜਾਂਦੇ ਸਮੇਂ ਉਸ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ।

ਹਾਦਸੇ ਦਾ ਪਤਾ ਚੱਲਦਿਆਂ ਹੀ ਥਾਣਾ ਸਰਹਾਲੀ ਦੇ ਜਾਂਚ ਅਧਿਕਾਰੀ ਏਐੱਸਆਈ ਸਵਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਲਿਆ ਗਿਆ ਹੈ ਜਦੋਂਕਿ ਮ੍ਰਿਤਕਾਂ ਦੇ ਪਿੱਛੇ ਦੂਸਰੇ ਰਿਕਸ਼ੇ 'ਤੇ ਆਪਣੇ ਭਰਾ ਜਗਜੀਤ ਸਿੰਘ ਸਮੇਤ ਜਾ ਰਹੇ ਨਰਿੰਦਰ ਸਿੰਘ ਦੇ ਪੁੱਤਰ ਦਲਜੀਤ ਸਿੰਘ ਦੇ ਬਿਆਨਾਂ 'ਤੇ ਮੌਕੇ ਤੋਂ ਫਰਾਰ ਹੋਏ ਟਰੱਕ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Posted By: Seema Anand