ਪ੍ਰਤਾਪ ਸਿੰਘ, ਤਰਨਤਾਰਨ : ਪਿੰਡ ਸਭਰਾ ਵਿਖੇ ਜ਼ਮੀਨ ਵਿਚ ਪਸ਼ੂ ਵੜਨ 'ਤੇ ਫ਼ਸਲ ਖ਼ਰਾਬ ਕਰਨ ਦਾ ਉਲਾਂਭਾ ਦੇਣ 'ਤੇ ਪਤੀ ਪਤਨੀ ਵੱਲੋਂ ਤੇਜ਼ਾਬ ਪਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ। ਜਿਸ ਨੂੰ ਸਰਕਾਰੀ ਹਸਪਤਾਲ ਘਰਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਪਤੀ, ਪਤਨੀ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਲਖਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਸਭਰਾ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਉਸਦੇ ਘਰ ਦੇ ਨੇੜੇ ਬਲਦੇਵ ਸਿੰਘ ਪੁੱਤਰ ਟਹਿਲ ਸਿੰਘ ਦਾ ਘਰ ਹੈ। ਜਿਸ ਦੀ ਡੇਅਰੀ ਵੀ ਹੈ। ਜਿਥੇ ਉਸ ਨੇ ਦੁੱਧ ਦੀ ਫੈਟ ਕੱਢਣ ਲਈ ਤੇਜ਼ਾਬ ਰੱਖਿਆ ਹੋਇਆ ਹੈ। ਬਲਦੇਵ ਸਿੰਘ ਨੇ ਇਕ ਘੋੜਾ ਤੇ ਘੋੜੀ ਵੀ ਰੱਖੀ ਹੋਈ ਹੈ। ਜੋ ਉਸ ਖੇਤਾਂ ਵਿਚ ਅਕਸਰ ਜਾ ਕੇ ਫ਼ਸਲ ਖ਼ਰਾਬ ਕਰਦੇ ਸੀ। ਇਸ ਸਬੰਧੀ ਜਦੋਂ ਉਸ ਨੇ ਬਲਦੇਵ ਸਿੰਘ ਨੂੰ ਉਲਾਂਭਾ ਦਿੱਤਾ ਤਾਂ ਉਸ ਨੇ ਅੱਗੋਂ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬਲਦੇਵ ਸਿੰਘ ਤੇ ਉਸ ਦੀ ਪਤਨੀ ਪਰਮਜੀਤ ਕੌਰ ਨੇ ਤੇਜ਼ਾਬ ਦੀ ਬੋਤਲ ਉਸ ਉੱਪਰ ਸੁੱਟ ਦਿੱਤੀ। ਜਿਸ ਕਾਰਨ ਉਸ ਦਾ ਪੇਟ, ਦੋਵੇਂ ਲੱਤਾਂ ਬੁਰੀ ਤਰ੍ਹਾਂ ਝੁਲਸ ਗਈਆਂ। ਘਟਨਾ ਉਪਰੰਤ ਦੋਵੇ ਪਤੀ,ਪਤਨੀ ਫ਼ਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Posted By: Sarabjeet Kaur