ਗੁਰਬਾਜ ਸਿੰਘ, ਵਲਟੋਹਾ : ਕਾਂਗਰਸ ਸਰਕਾਰ ਸਮੇਂ ਬਲਾਕ ਵਲਟੋਹਾ ਵਿਚ ਬਤੌਰ ਬੀਡੀਪੀਓ ਤਾਇਨਾਤ ਰਹੇ ਲਾਲ ਸਿੰਘ ਉੱਪਰ 7.45 ਕਰੋੜ ਦਾ ਕਥਿਤ ਤੌਰ ’ਤੇ ਗਬਨ ਕਰਨ ਦੇ ਮਾਮਲੇ ’ਚ ਥਾਣਾ ਵਲਟੋਹਾ ਵਿਖੇ ਮੁਕੱਦਮਾਂ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਵੱਲੋਂ ਕਰਵਾਈ ਗਈ ਜਾਂਚ ਤੋਂ ਬਾਅਦ ਕੀਤੀ ਗਈ ਹੈ। ਹਾਲਾਂਕਿ ਪੰਜਾਬ ’ਚ ਸੱਤਾ ਤਬਦੀਲੀ ਹੁੰਦਿਆਂ ਹੀ ਬੀਡੀਪੀਓ ਲਾਲ ਸਿੰਘ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਿਸ਼ਾਨੇ ’ਤੇ ਆ ਗਿਆ ਸੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ 10 ਮਈ ਨੂੰ ਵਿਭਾਗੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਸਨ।

ਦੱਸ ਦਈਏ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਹਲਕਾ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਦੇ ਦਖਲ ਨਾਲ ਬੀਡੀਪੀਓ ਲਾਲ ਸਿੰਘ ਖਿਲਾਫ ਵਿਭਾਗੀ ਜਾਂਚ ਸ਼ੁਰੂ ਕੀਤੀ ਸੀ। ਕਰੀਬ ਡੇਢ ਮਹੀਨੇ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਉਕਤ ਬੀਡੀਪੀਓ ਨੇ ਕਥਿਤ ਤੌਰ ’ਤੇ 7 ਕਰੋੜ 45 ਲੱਖ 15 ਹਜਾਰ 272 ਰੁਪਏ ਦਾ ਗਬਨ ਕੀਤਾ। ਡੀਡੀਪੀਓ ਸਤੀਸ਼ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਸਕੱਤਰ ਮਨਮੋਹਨ ਸਿੰਘ ਅਤੇ ਤਤਕਾਲੀ ਡੀਡੀਪੀਓ ਗੁਰਪ੍ਰੀਤ ਸਿੰਘ ਵੱਲੋਂ ਸਾਂਝੇ ਤੌਰ ’ਤੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਭੇਜੀ ਗਈ ਸੀ। ਜਿਸ ਮਗਰੋਂ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਦੇ ਹੁਕਮਾਂ ’ਤੇ ਥਾਣਾ ਵਲਟੋਹਾ ’ਚ ਬੀਡੀਪੀਓ ਲਾਲ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਡੀਐਸਪੀ ਪੀਬੀਆਈ ਲਖਵਿੰਦਰ ਸਿੰਘ ਨੂੰ ਸੌਂਪੀ ਗਈ ਹੈ। ਦੂਜੇ ਪਾਸੇ ਬੀਡੀਪੀਓ ਲਾਲ ਸਿੰਘ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਸਿਆਸੀ ਬਦਲਾਖੋਰੀ ਕਾਰਨ ਪਹਿਲਾਂ ਝੂਠੀਆਂ ਸ਼ਿਕਾਇਤਾਂ ਦਿੱਤੀਆਂ ਗਈਆਂ ਅਤੇ ਹੁਣ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ।

Posted By: Jagjit Singh