ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ

ਇੱਥੋਂ ਦੀ 89 ਏਕੜ ਪੰਚਾਇਤੀ ਜਮੀਨ ਦੀ ਬੋਲੀ ਨੂੰ ਲੈ ਕੇ ਪਿੰਡ ਵਾਸੀ ਅਤੇ ਕਿਸਾਨ ਜਥੇਬੰਦੀਆਂ ਆਹਮੋ-ਸਾਹਮਣੇ ਨਜ਼ਰ ਆ ਰਹੀਆਂ ਹਨ। ਹਾਲਾਂਕਿ ਇਸ ਜਮੀਨ ਦਾ ਕਬਜ਼ਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਹਾਜ਼ਰੀ ਵਿਚ ਪੰਚਾਇਤ ਵਿਭਾਗ ਨੇ ਲੈ ਲਿਆ ਸੀ, ਜਿਸ ਤੋਂ ਬਾਅਦ ਨਵੇਂ ਸਿਰਿਓਂ ਜ਼ਮੀਨ ਨੂੰ ਵਾਹੀ ਲਈ ਦੇਣ ਵਾਸਤੇ ਰੱਖੀ ਗਈ ਬੋਲੀ ਤੇ ਨਿਸ਼ਾਨਦੇਹੀ ਪ੍ਰਕਿਰਿਆ ਬੁੱਧਵਾਰ ਨੂੰ ਖਿੱਚੋਤਾਣ ਕਾਰਨ 23 ਮਈ ਤਕ ਮੁਲਤਵੀ ਕਰ ਦਿੱਤੀ ਗਈ ਹੈ।

ਦੂਜੇ ਪਾਸੇ ਮੌਕੇ 'ਤੇ ਮੌਜੂਦ ਵੱਡੀ ਗਿਣਤੀ ਪਿੰਡ ਦੇ ਜੱਦੀ ਵਸਨੀਕ ਬੋਲੀ ਕਰਵਾ ਕੇ ਜ਼ਮੀਨ ਲੈਣ ਦੇ ਹੱਕ ਵਿਚ ਸਨ। ਇਸ ਦੇ ਨਾਲ ਹੀ ਉਨਾਂ੍ਹ ਨੇ ਬਾਹਰੀ ਕਿਸਾਨ ਜਥੇਬੰਦੀਆਂ ਨੂੰ ਪਿੰਡ ਵਿਚ ਦਖ਼ਲਅੰਦਾਜ਼ੀ ਨਾ ਕਰਨ ਦੀ ਅਪੀਲ ਵੀ ਕੀਤੀ।

ਇੱਥੇ ਦੱਸਣਾ ਬਣਦਾ ਹੈ ਕਿ ਹਰੀਕੇ ਪੱਤਣ ਵਿਚ ਕੁੱਲ 212 ਏਕੜ ਪੰਚਾਇਤੀ ਥਾਂ ਹੈ, ਜਿਸ ਵਿੱਚੋਂ ਵੱਡਾ ਹਿੱਸਾ ਦਰਿਆ ਦੇ ਹੇਠ ਹੋਣ ਕਰ ਕੇ 89 ਏਕੜ ਉਪਜਾਊ ਭੂਮੀ ਦੀ ਬੋਲੀ ਕਰਵਾ ਕੇ ਵਾਹੀ ਲਈ ਦਿੱਤੀ ਜਾਂਦੀ ਹੈ। ਪੰਜਾਬ 'ਚ ਸਰਕਾਰ ਬਦਲਣ ਤੋਂ ਬਾਅਦ ਇਸ ਪੰਚਾਇਤੀ ਜ਼ਮੀਨ ਨੂੰ 14 ਮਈ ਨੂੰ ਟਰਾਂਸਪੋਰਟ ਮੰਤਰੀ ਦੀ ਹਾਜ਼ਰੀ ਵਿਚ ਪੰਚਾਇਤ ਵਿਭਾਗ ਨੇ ਖ਼ਾਲੀ ਕਰਵਾ ਕੇ ਕਬਜ਼ੇ ਹੇਠ ਲੈ ਲਿਆ ਸੀ।

ਉਕਤ ਜ਼ਮੀਨ ਨੂੰ ਚਾਲੂ ਵਰ੍ਹੇ ਲਈ ਠੇਕੇ 'ਤੇ ਦੇਣ ਵਾਸਤੇ ਬੁੱਧਵਾਰ ਨੂੰ ਬੋਲੀ ਤੇ ਨਿਸ਼ਾਨਦੇਹੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਣੀ ਸੀ ਪਰ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਸੀਆਂ 'ਚ ਉੱਭਰੀ ਖਿੱਚੋਤਾਣ ਕਰ ਕੇ ਇਹ ਪ੍ਰਕਿਰਿਆ ਟਲ਼ ਗਈ।

ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਠੇਕੇਦਾਰ ਫੁਰਮਾਨ ਸਿੰਘ ਸੰਧੂ ਨੇ ਪ੍ਰਸ਼ਾਸਨ ਗੱਲਬਾਤ ਕਰਦਿਆਂ ਕਿਹਾ ਕਿ ਕਈ ਦਹਾਕਿਆਂ ਤੋਂ ਕਾਬਜ਼ਕਾਰ ਲੋਕਾਂ ਨੂੰ ਪਹਿਲ ਦੇ ਕੇ ਇਹ ਜ਼ਮੀਨ ਠੇਕੇ ਦਿੱਤੀ ਜਾਵੇ। ਉਨਾਂ੍ਹ ਕਿਹਾ ਕਿ ਜਿਨਾਂ੍ਹ ਕਾਸ਼ਤਕਾਰਾਂ ਕੋਲ ਅਦਾਲਤ ਦੇ ਸਟੇਅ ਆਰਡਰ ਹਨ, ਉਨਾਂ੍ਹ 'ਤੇ ਵੀ ਪੰਚਾਇਤ ਵਿਭਾਗ ਨੂੰ ਵਿਚਾਰ ਕਰਨਾ ਬਣਦਾ ਹੈ।

ਦੂਜੇ ਪਾਸੇ ਪਿੰਡ ਵਾਸੀ ਇਕਬਾਲ ਸਿੰਘ ਸਿੱਧੂ, ਕੁਲਦੀਪ ਸਿੰਘ ਪਨੇਸਰ, ਜਥੇਦਾਰ ਜਗਤਾਰ ਸਿੰਘ, ਰਣਜੀਤ ਸਿੰਘ, ਜਗੀਰ ਸਿੰਘ ਨੰਬਰਦਾਰ, ਬਲਵਿੰਦਰ ਸਿੰਘ, ਪੂਰਨ ਸਿੰਘ, ਬਲਬੀਰ ਸਿੰਘ, ਜਸਵਿੰਦਰ ਸਿੰਘ, ਗੁਰਭੇਜ ਸਿੰਘ, ਗੁਰਵਰਿਆਮ ਸਿੰਘ ਆਦਿ ਨੇ ਕਿਹਾ ਕਿ ਪਿੰਡ ਦੀ ਜਮੀਨ ਦੀ ਕਟੌਤੀ ਮੌਕੇ ਪ੍ਰਤੀ ਏਕੜ ਇਕ ਕਨਾਲ ਜਮੀਨ ਜੁਮਲਾ ਮੁਸ਼ਤਰਕਾ ਖਾਤੇ ਵਿਚ ਜਾਣ ਕਰ ਕੇ ਉਕਤ ਸਾਰੀ ਜਮੀਨ 'ਤੇ ਪਿੰਡ ਵਾਸੀਆਂ ਦਾ ਹੱਕ ਬਣਦਾ ਹੈ। ਉਨਾਂ੍ਹ ਪੰਜਾਬ ਸਰਕਾਰ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਸਾਂਝੇ ਤੌਰ 'ਤੇ 89 ਏਕੜ ਦੀ ਬੋਲੀ ਦੇਣਗੇ।

ਇਸ ਦੌਰਾਨ ਪਿੰਡ ਵਾਸੀਆਂ ਨੇ ਬਾਹਰੀ ਕਿਸਾਨ ਜਥੇਬੰਦੀਆਂ ਦੇ ਬਾਈਕਾਟ ਦੀ ਗੱਲ ਕਰਦਿਆਂ ਕਿਹਾ ਕਿ ਪਿੰਡ ਦੀ ਭਾਈਚਾਰਕ ਸਾਂਝ ਨੂੰ ਮੁੱਖ ਰੱਖਦਿਆਂ ਜਥੇਬੰਦੀਆਂ ਦੇ ਨੁਮਾਇੰਦੇ ਇਸ ਸੰਵੇਦਨਸ਼ੀਲ ਮਾਮਲੇ ਵਿਚ ਦਖ਼ਲ ਨਾ ਦੇਣ। ਇਸ ਮੌਕੇ ਦਲਜੀਤ ਸਿੰਘ ਹਰੀਕੇ, ਸਰਪੰਚ ਰੌਸ਼ਨ ਲਾਲ ਚੌਧਰੀ, ਸਤਨਾਮ ਸਿੰਘ ਹਰੀਕੇ, ਜੋਗਿੰਦਰ ਸਿੰਘ ਗੱਟੀ, ਪ੍ਰਧਾਨ ਲਖਬੀਰ ਸਿੰਘ ਗੱਟੀ ਹਰੀਕੇ, ਗੁਰਜੰਟ ਸਿੰਘ ਹਰੀਕੇ, ਗੁਰਸ਼ਰਨ ਸਿੰਘ ਉੱਪ ਚੇਅਰਮੈਨ, ਜੋਗਿੰਦਰਪਾਲ ਵੇਦੀ, ਐਡਵੋਕੇਟ ਗੁਰਪ੍ਰਤਾਪ ਸਿੰਘ ਆਦਿ ਵੀ ਮੌਜੂਦ ਸਨ।

-ਬਾਕਸ-

-ਸਾਰੇ ਪੱਖਾਂ ਦੀ ਜਾਣਕਾਰੀ ਲੈ ਕੇ ਕਰਵਾਈ ਜਾਵੇਗੀ ਬੋਲੀ : ਡੀਡੀਪੀਓ

ਪੰਚਾਇਤੀ ਜਮੀਨ ਦੀ ਬੋਲੀ ਲਈ ਹਰੀਕੇ ਪਹੁੰਚੇ ਜ਼ਿਲ੍ਹਾ ਪੇਂਡੂ ਵਿਕਾਸ ਤੇ ਪੰਚਾਇਤ ਅਧਿਕਾਰੀ ਸਤੀਸ਼ ਕੁਮਾਰ ਸ਼ਰਮਾ ਨੇ ਸਾਰੇ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਕਿਹਾ ਕਿ ਸਰਕਾਰ ਵੱਲੋਂ ਜਮੀਨ ਦੀ ਬੋਲੀ ਹਰ ਹਾਲ ਵਿਚ ਕਰਵਾਈ ਜਾਵੇਗੀ। ਉਨਾਂ੍ਹ ਨੇ ਕਿਹਾ ਕਿ ਅਦਾਲਤੀ ਸਟੇਅ ਆਰਡਰ ਨੂੰ ਧਿਆਨ ਵਿਚ ਰੱਖਣ ਦੇ ਨਾਲ ਨਾਲ ਪਿੰਡ ਵਾਸੀਆਂ ਦੀ ਜ਼ਮੀਨ ਠੇਕੇ 'ਤੇ ਲੈਣ ਦੀ ਮੰਗ 'ਤੇ ਵੀ ਗੌਰ ਕੀਤਾ ਜਾਵੇਗਾ।

-ਬਾਕਸ-

-ਅਬਾਦਕਾਰ ਵੀ ਬੋਲੀ ਦੇ ਕੇ ਲੈ ਸਕਦੇ ਹਨ ਠੇਕੇ 'ਤੇ ਜ਼ਮੀਨ : ਭੁੱਲਰ

ਇਸ ਸਬੰਧੀ ਹਲਕਾ ਪੱਟੀ ਦੇ ਵਿਧਾਇਕ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪੰਚਾਇਤੀ ਜਮੀਨ ਤਾਂ ਪੰਚਾਇਤ ਦੀ ਹੀ ਰਹੇਗੀ। ਜੇਕਰ ਅਬਾਦਕਾਰ ਉਸ 'ਤੇ ਕਾਸ਼ਤ ਕਰਨਾ ਚਾਹੁੰਦੇ ਹਨ ਤਾਂ ਉਹ ਬੋਲੀ ਦੇ ਕੇ ਠੇਕੇ ਉੱਪਰ ਲੈ ਸਕਦੇ ਹਨ। ਵਿਭਾਗ ਵੱਲੋਂ ਇਸ ਅਮਲ ਨੂੰ ਨੇਪਰੇ ਚਾੜ੍ਹਨ ਲਈ 23 ਮਈ ਦਾ ਦਿਨ ਤੈਅ ਕੀਤਾ ਹੈ।