ਪੱਤਰ ਪ੍ਰਰੇਰਕ, ਤਰਨਤਾਰਨ : ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਤੋਮਰ ਨੇ ਜੋ ਝੋਨੇ ਦਾ ਸਰਕਾਰੀ ਰੇਟ ਐਲਾਨਿਆ ਹੈ ਉਹ ਕਿਸਾਨਾਂ ਦੇ ਖਰਚਿਆਂ ਨੂੰ ਸਾਹਮਣੇ ਰੱਖ ਕੇ ਨਹੀਂ ਐਲਾਨਿਆ ਗਿਆ। ਨਾਮਾਤਰ ਝੋਨੇ ਦਾ ਰੇਟ ਵਧਾ ਕੇ ਕਿਸਾਨਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲੀ ਗੱਲ ਕੀਤੀ ਗਈ ਹੈ। ਕੇਂਦਰ ਸਰਕਾਰ ਦੀ ਇਸ ਕਿਸਾਨ ਵਿਰੋਧੀ ਨੀਤੀ ਨੂੰ ਨਕਾਰਦੇ ਹੋਏ ਤਰਨਤਾਰਨ ਜ਼ਿਲ੍ਹੇ ਦੀਆਂ ਕਿਸਾਨ ਸਭਾਵਾਂ ਨੇ ਫ਼ੈਸਲਾ ਲਿਆ ਹੈ ਕਿ 17 ਜੂਨ ਨੂੰ ਤਹਿਸੀਲ ਪੱਧਰ ਤੇ ਖੇਤੀਬਾੜੀ ਮੰਤਰੀ ਤੋਮਰ ਦੇ ਪੁਤਲੇ ਫੂਕੇ ਜਾਣਗੇ। ਇਸ ਬਾਬਤ ਬਾਬਾ ਅਰਜਨ ਸਿੰਘ ਗੜਗੱਜ ਭਵਨ ਬਾਠ ਰੋਡ ਤਰਨਤਾਰਨ ਵਿਖੇ ਕਿਸਾਨਾਂ ਦੀ ਸਰਬ ਸਾਂਝੀ ਮੀਟਿੰਗ ਜਸਪਾਲ ਸਿੰਘ ਝਬਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਆਗੂ ਪਿ੍ਰਥੀਪਾਲ ਸਿੰਘ ਮਾੜੀਮੇਘਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਨਿਰਵੈਲ ਸਿੰਘ ਡਾਲੇਕੇ, ਕਿਸਾਨ ਮਜਦੂਰ ਸੰਘਰਸ਼ ਕਮੇਟੀ ਕੰਵਲਪ੍ਰਰੀਤ ਪਨੂੰ ਦੇ ਸੂਬਾ ਕਮੇਟੀ ਮੈਂਬਰ ਪਲਵਿੰਦਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਮੁਖਤਾਰ ਸਿੰਘ ਮੱਲਾ, ਦਵਿੰਦਰ ਸੋਹਲ, ਜਸਬੀਰ ਸਿੰਘ ਜਿਉਣੇਕੇ, ਭੁਪਿੰਦਰ ਸਿੰਘ ਤਰਨਤਾਰਨ, ਅਜੀਤ ਸਿੰਘ ਢੋਟਾ ਤੇ ਬਲਵਿੰਦਰ ਸਿੰਘ ਝਬਾਲ ਹਾਜਰ ਸਨ। ਮੀਟਿੰਗ ਵਿਚ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਫੈਸਲਾ ਕੀਤਾ ਗਿਆ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਹੈ। ਡੀਜਲ, ਪੈਟਰੋਲ, ਖਾਦਾਂ, ਕੀੜੇਮਾਰ ਦਵਾਈਆਂ ਅਤੇ ਖੇਤੀ ਸੰਦਾਂ ਦੇ ਰੇਟ ਇੰਨੇ ਜ਼ਿਆਦਾ ਵੱਧ ਗਏ ਹਨ ਕਿ ਜਿਸ ਨਾਲ ਕਿਸਾਨ ਕਰਜੇ ਦੇ ਬੋਝ ਥੱਲੇ ਦੱਬੇ ਪਏ ਹਨ ਪਰ ਕੇਂਦਰ ਸਰਕਾਰ ਨੇ ਝੋਨੇ ਦੇ ਜੋ ਰੇਟ ਵਧਾਏ ਹਨ ਉਹ ਬਹੁਤ ਹੀ ਨਿਗੂਣੇ ਹਨ। ਜਥੇਬੰਦੀਆਂ ਦੀ ਪੁਰਜ਼ੋਰ ਮੰਗ ਹੈ ਕਿ ਝੋਨੇ ਦੇ ਰੇਟ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਦਿੱਤੇ ਜਾਣ, ਜਿਸ ਨਾਲ ਕਿਸਾਨਾਂ ਨੂੰ ਕੋਈ ਰਾਹਤ ਮਿਲੇ। ਮੀਟਿੰਗ ਵਿਚ ਫ਼ੈਸਲਾ ਹੋਇਆ ਕਿ ਸਮੂਹ ਕਿਸਾਨ ਭਰਾਵਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਪਿੰਡਾਂ ਵਿਚ ਝੋਨੇ ਦੀ ਲਵਾਈ ਦੇ ਮਸਲੇ ਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਵਿਚ ਏਕਤਾ ਬਣਾ ਕੇ ਰੱਖਣ। ਆਪਸ ਵਿਚ ਮਿਲ ਬੈਠ ਕੇ ਸਮੱਸਿਆਵਾਂ ਦਾ ਹੱਲ ਕੱਢਣ ਇਹੋ ਜਿਹੇ ਮਤੇ ਪਾਉਣ ਦਾ ਵਕਤ ਨਹੀਂ ਜੋ ਕਿਸਾਨਾਂ ਮਜਦੂਰਾਂ ਦੁਫੇੜ ਪਾਉਂਦੇ ਹੋਣ। ਇਸ ਨਾਲ ਕਿਸਾਨ ਸੰਘਰਸ਼ ਜੋ ਦਿੱਲੀ ਦੇ ਬਾਰਡਰ 'ਤੇ ਚੱਲ ਰਿਹਾ ਹੈ ਉਸ ਨੂੰ ਢਾਹ ਲੱਗੇਗੀ। ਕੇਂਦਰ ਦੀਆਂ ਦੀਆਂ ਏਜੰਸੀਆਂ ਤਾਂ ਇਹ ਚਾਹੁੰਦੀਆਂ ਹਨ ਕਿ ਕਿਸਾਨਾਂ ਤੇ ਮਜਦੂਰਾਂ ਦੇ ਵਿਚ ਪਾੜਾ ਪਵੇ ਤੇ ਕਿਸਾਨ ਅੰਦੋਲਨ ਫੇਲ੍ਹ ਹੋ ਜਾਵੇ। ਮਜਦੂਰ ਕਿਸਾਨ ਦੀ ਧਿਰ ਹਨ ਅਤੇ ਮਜਦੂਰ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦੇ ਕੰਧੇ ਨਾਲ ਕੰਧਾ ਮਿਲਾ ਕੇ ਸੰਘਰਸ਼ ਵਿਚ ਵੀ ਸ਼ਾਮਲ ਹੁੰਦੇ ਹਨ। ਇਥੋਂ ਤਕ ਕਿ ਮਜਦੂਰ ਅੌਰਤਾਂ ਵੀ ਜਾਂਦੀਆਂ ਹਨ। ਮੀਟਿੰਗ ਵਿਚ ਮਤਾ ਪਾਸ ਕੀਤਾ ਕਿ ਦਿੱਲੀ ਦੇ ਮੋਰਚੇ ਨੂੰ ਹੋਰ ਭਖਾਉਣ ਵਾਸਤੇ ਪਿੰਡਾਂ ਵਿਚੋਂ ਵੱਡੀ ਪੱਧਰ 'ਤੇ ਜਥੇ ਪਹੁੰਚਣਗੇ ਭਾਵੇਂ ਕਿ ਝੋਨੇ ਦਾ ਸੀਜ਼ਨ ਹੈ । ਉਸ ਵਿਚੋਂ ਵੀ ਹਰ ਹਾਲਤ ਵਿਚ ਸਮਾਂ ਕੱਿਢਆ ਜਾਵੇਗਾ।