ਜਸਪਾਲ ਸਿੰਘ ਜੱਸੀ, ਤਰਨਤਾਰਨ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ਨਿਚਰਵਾਰ ਨੂੰ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ 'ਚ ਪੰਜਾਬ ਦੀ ਮੈਰਿਟ ਸੂਚੀ 'ਚ ਥਾਂ ਬਣਾਉਣ ਵਾਲੀਆਂ ਤਰਨਤਾਰਨ ਜ਼ਿਲ੍ਹੇ ਦੀਆਂ ਪੰਜ ਵਿਦਿਆਰਥਣਾਂ ਇੱਕੋ ਸਕੂਲ ਨਾਲ ਸਬੰਧਤ ਹਨ। ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਬਾਬਾ ਗੁਰਮੁਖ ਸਿੰਘ, ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀਆਂ ਇਨ੍ਹਾਂ ਵਿਦਿਆਰਥਣਾਂ ਨੇ 9 ਤੋਂ 19ਵੇਂ ਰੈਂਕ ਤਕ ਦੀ ਮੈਰਿਟ ਹਾਸਲ ਕੀਤੀ ਹੈ। ਵਿਦਿਆਰਥਣਾਂ ਦੀ ਇਸ ਉਪਲਬਧੀ 'ਤੇ ਬਾਬਾ ਸੇਵਾ ਸਿੰਘ ਹੁਰਾਂ ਨੇ ਬੱਚੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਸਟਾਫ ਦੀ ਮਿਹਨਤ ਅਤੇ ਬੱਚਿਆਂ ਦੀ ਲਗਨ ਨਾਲ ਕੀਤੀ ਪੜ੍ਹਾਈ ਕਰਕੇ ਹੀ ਇਹ ਮੁਕਾਮ ਹਾਸਲ ਹੋਇਆ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ 'ਚ ਮੁਮਤਾਜ ਕੌਰ ਪੁੱਤਰੀ ਰੇਸ਼ਮ ਸਿੰਘ ਨੇ ਨਾਨ ਮੈਡੀਕਲ 'ਚੋਂ 450 'ਚੋਂ 439 ਅੰਕ ਜੋ 97.56 ਫੀਸਦੀ ਬਣਦਾ ਹੈ, ਹਾਸਲ ਕਰਕੇ 9ਵਾਂ ਸਥਾਨ ਹਾਸਲ ਕਰਨ ਦੇ ਨਾਲ ਜ਼ਿਲ੍ਹੇ 'ਚੋਂ ਟਾਪ ਵੀ ਕੀਤਾ ਹੈ। ਜਦੋਂਕਿ ਤਰਨਜੋਤ ਕੌਰ ਪੁੱਤਰੀ ਹਰਿੰਦਰ ਸਿੰਘ ਨੇ ਮੈਡੀਕਲ 'ਚ 450 ਵਿਚੋਂ 435 (96.67 ਫੀਸਦੀ) ਅਤੇ ਜਸਪ੍ਰੀਤ ਕੌਰ ਪੁੱਤਰੀ ਨਿਰਮਲਜੀਤ ਸਿੰਘ ਨੇ ਵੀ ਕਾਮਰਸ 'ਚ 450 'ਚੋਂ 435 (96.67 ਫੀਸਦੀ) ਅੰਕ ਹਾਸਲ ਕਰਕੇ ਪੰਜਾਬ ਦੀ ਮੈਰਿਟ 'ਚ 13ਵਾਂ ਸਥਾਨ ਹਾਸਲ ਕਰਨ ਦੇ ਨਾਲ-ਨਾਲ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਕਾਜਲਪ੍ਰੀਤ ਕੌਰ ਪੁੱਤਰੀ ਬਲਜੀਤ ਸਿੰਘ ਨੇ ਨਾਨ ਮੈਡੀਕਲ 'ਚ 450 'ਚੋਂ 433 (96.22 ਫੀਸਦੀ) ਅੰਕ ਹਾਸਲ ਕਰਕੇ ਮੈਰਿਟ 'ਚ 15ਵਾਂ ਥਾਂ ਲਿਆ ਹੈ। ਇਸੇ ਤਰ੍ਹਾਂ ਹੀ ਪਰਨੀਤ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ ਕਾਮਰਸ 'ਚ 450 'ਚੋਂ 429 (95.33 ਫੀਸਦੀ) ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ 19ਵਾਂ ਰੈਂਕ ਹਾਸਲ ਕਰਨ ਵਿਚ ਸਫਲਤਾ ਕੀਤੀ ਹੈ।

ਕਾਜਲਪ੍ਰੀਤ ਕੌਰ ਅਤੇ ਪਰਨੀਤ ਕੌਰ ਜ਼ਿਲ੍ਹੇ 'ਚੋਂ ਦੂਸਰੇ ਸਥਾਨ 'ਤੇ ਰਹੀਆਂ ਹਨ। ਸਕੂਲ ਪ੍ਰਿੰਸੀਪਲ ਬੀਰਇੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਸਮੁੱਚੇ ਸਟਾਫ ਅਤੇ ਵਿਦਿਆਰਥਣਾਂ ਵੱਲੋਂ ਕੀਤੀ ਗਈ ਮਿਹਨਤ ਦਾ ਹੀ ਨਤੀਜਾ ਹੈ ਕਿ ਇਸ ਵਾਰ ਵੀ ਇਸ ਸਕੂਲ ਦੀਆਂ ਬੱਚੀਆਂ ਨੈ ਮੈਰਿਟ ਵਿਚ ਥਾਂ ਬਣਾਈ ਹੈ।

ਬਾਬਾ ਸੇਵਾ ਸਿੰਘ ਜੀ ਨੇ ਦਿੱਤੀਆਂ ਸ਼ੁਭ ਕਾਮਨਾਵਾਂ

ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਬਾਬਾ ਗੁਰਮੁਖ ਸਿੰਘ, ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਅਸ਼ੀਰਵਾਦ ਅਤੇ ਸ਼ੁਭ ਕਾਮਨਾਵਾਂ ਦਿੰਦੇ ਹੋਏ ਬੱਚੀਆਂ ਤੇ ਉਨ੍ਹਾਂ ਦਾ ਮਾਪਿਆਂ ਨੂੰ ਵਧਾਈ ਦਿੱਤੀ। ਬਾਬਾ ਸੇਵਾ ਸਿੰਘ ਹੁਰਾਂ ਨੇ ਕਿਹਾ ਕਿ ਸਟਾਫ ਅਤੇ ਬੱਚਿਆਂ ਵੱਲੋਂ ਕੀਤੀ ਮਿਹਨਤ ਦੇ ਨਾਲ-ਨਾਲ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਬੱਚੀਆਂ ਨੇ ਪੰਜਾਬ ਭਰ 'ਚ ਖਡੂਰ ਸਾਹਿਬ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।

Posted By: Seema Anand