ਰਾਜਨ ਚੋਪੜਾ, ਭਿੱਖੀਵਿੰਡ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪਹੂਵਿੰਡ ਵਿਖੇ 26 ਸਾਲਾ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਣਵਿਆਹਿਆ ਇਹ ਨੌਜਵਾਨ ਕਰੀਬ ਸਵਾ ਮਹੀਨਾ ਪਹਿਲਾਂ ਹੀ ਗੁਜਰਾਤ ਤੋਂ ਪੰਜਾਬ ਆਇਆ ਸੀ। ਪਰਿਵਾਰ ਨੇ ਕਿਹਾ ਕਿ ਪਿੰਡ ਦੇ ਕੁਝ ਮੁੰਡੇ ਨਸ਼ਾ ਵੇਚਦੇ ਅਤੇ ਕਰਦੇ ਹਨ, ਜਿਨ੍ਹਾਂ ਦੇ ਕਰਕੇ ਇਸਦੀ ਜਾਨ ਗਈ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਿਵਰੈਲ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਪਹੂਵਿੰਡ ਨੇ ਦੱਸਿਆ ਕਿ ਉਸਦਾ ਭਰਾ ਰਾਜਵਿੰਦਰ ਸਿੰਘ (26) ਗੁਰਜਰਾਤ ਦੀ ਕਿਸੇ ਕੰਪਨੀ ਵਿਚ ਨੌਕਰੀ ਕਰਦਾ ਸੀ। ਕੋਰੋਨਾ ਦੇ ਕਾਰਨ ਉਥੇ ਲੱਗੇ ਲਾਕਡਾਊਨ ਕਰਕੇ ਉਹ 20 ਅਪ੍ਰੈਲ ਨੂੰ ਪਿੰਡ ਪਹੂਵਿੰਡ ਪਰਤਿਆ। ਉਸਨੇ ਦੱਸਿਆ ਕਿ ਰਾਜਵਿੰਦਰ ਸਿੰਘ ਨਸ਼ਾ ਕਰਦਾ ਸੀ ਪਰ ਕਈ ਕਈ ਚਿਰ ਛੱਡ ਵੀ ਦਿੰਦਾ ਸੀ। ਪਿੰਡ ਦੇ ਕੁਝ ਮੁੰਡੇ ਨਸ਼ਾ ਵੇਚਦੇ ਅਤੇ ਕਰਦੇ ਹਨ ਜਿਨ੍ਹਾਂ ਦੀ ਸੰਗਤ ਵਿਚ ਇਹ ਪੈ ਗਿਆ। ਪਿਤਾ ਕਾਰਜ ਸਿੰਘ ਅਤੇ ਮਾਤਾ ਪ੍ਰਕਾਸ਼ ਕੌਰ ਨੇ ਦੱਸਿਆ ਕਿ ਦੁਪਹਿਰ ਸਮੇਂ ਇਹ ਨਸ਼ਾ ਲੈ ਕੇ ਆਇਆ ਅਤੇ ਘਰ ਦੇ ਬਾਥਰੂਮ ਵਿਚ ਵੜ੍ਹ ਕੇ ਜਦੋਂ ਟੀਕਾ ਲਗਾਇਆ ਤਾਂ ਉਥੇ ਹੀ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਨਸ਼ਾ ਵੇਚਣ ਵਾਲਿਆਂ ਬਾਰੇ ਕਈ ਵਾਰ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੋ ਨੌਜਵਾਨਾਂ ਦੇ ਨਾਂ ਵੀ ਪੁਲਿਸ ਨੂੰ ਦੱਸੇ ਗਏ ਹਨ, ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ’ਤੇ ਪਹੁੰਚੇ ਥਾਣਾ ਭਿੱਖੀਵਿੰਡ ਦੇ ਏਐੱਸਆਈ ਸਵਿੰਦਰ ਸਿੰਘ ਨੇ ਦਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਰਿਵਾਰ ਦੇ ਬਿਆਨ ਲਏ ਜਾਣਗੇ।

Posted By: Susheel Khanna