ਜਸਪਾਲ ਸਿੰਘ ਜੱਸੀ, ਤਰਨਤਾਰਨ : ਵੀਰਵਾਰ ਦਾ ਦਿਨ ਤਰਨਤਾਰਨ ਜ਼ਿਲ੍ਹੇ ਲਈ ਰਾਹਤ ਵਾਲਾ ਰਿਹਾ ਹੈ। ਅੱਜ 258 ਨਮੂਨਿਆਂ ਦੀ ਜਾਂਚ ਰਿਪੋਰਟ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਆਈ ਅਤੇ ਇਹ ਸਾਰੇ ਦੇ ਸਾਰੇ ਨੈਗੇਟਿਵ ਪਾਏ ਗਏ ਹਨ। ਜਦੋਂਕਿ ਜ਼ਿਲ੍ਹੇ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ 12 ਹੈ। ਅੱਜ 266 ਨਵੇਂ ਸੈਂਪਲ ਵੀ ਕੋਰੋਨਾ ਟੈਸਟ ਲਈ ਅੰਮ੍ਰਿਤਸਰ ਭੇਜੇ ਗਏ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ 258 ਨਮੂਨੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਦੀਆਂ ਅੱਜ ਰਿਪੋਰਟਾਂ ਨੈਗੇਟਿਵ ਆ ਗਈਆਂ। ਤਰਨਤਾਰਨ ਦੇ ਆਈਸੋਲੇਸ਼ਨ ਵਾਰਡ ਵਿਚ ਇਸ ਵੇਲੇ ਜ਼ਿਲ੍ਹੇ ਦੇ 8 ਮਰੀਜ਼ ਦਾਖਲ ਹਨ। ਜਦੋਂਕਿ ਚਾਰ ਪੱਟੀ ਦੀ ਸਬ ਜੇਲ੍ਹ ਦੇ ਹਵਾਲਾਤੀ ਜੋ ਬਾਹਰੀ ਜ਼ਿਲ੍ਹਿਆਂ ਨਾਲ ਸਬੰਧਤ ਹਨ ਨੂੰ ਵੀ ਦਾਖਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਦੋ ਮਰੀਜ਼ ਮਾਈ ਭਾਗੋ ਕਾਲਜ ਦੇ ਕੋਵਿਡ ਕੇਅਰ ਸੈਂਟਰ ਵਿਚ ਭਰਤੀ ਹਨ। ਇਕ ਨੂੰ ਘਰ ਵਿਚ ਆਈਸੋਲੇਸ਼ਨ ਰੱਖਿਆ ਗਿਆ ਹੈ ਅਤੇ ਇਕ ਬਾਹਰੀ ਜ਼ਿਲ੍ਹੇ ਵਿਚ ਇਲਾਜ ਅਧੀਨ ਹੈ। ਸਿਵਲ ਸਰਜਨ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਵਿਚੋਂ ਹੁਣ ਤਕ 13 ਹਜਾਰ 256 ਸੈਂਪਲ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ਵਿਚੋਂ 12 ਹਜਾਰ 767 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਜਦੋਂਕਿ ਹੁਣ ਤਕ ਜ਼ਿਲ੍ਹੇ ਵਿਚ 226 ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜ੍ਹਤ ਪਾਏ ਜਾ ਚੁੱਕੇ ਹਨ। ਸਿਵਲ ਸਰਜਨ ਨੇ ਦੱਸਿਆ ਕਿ 209 ਵਿਅਕਤੀ ਕੋਰੋਨਾ ਵਾਇਰਸ ਨਾਲ ਜੰਗ ਜਿੱਤ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ 266 ਨਮੂਨਿਆਂ ਜੀ ਜਾਂਚ ਰਿਪੋਰਟ ਆਉਣਾ ਹਾਲੇ ਬਾਕੀ ਹੈ।

ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਵਰਤਣ ਲੋਕ

ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਇਸ ਦੌਰਾਨ ਕਿਹਾ ਕਿ ਕੋਵਿਡ-19 ਨਾਲ ਜੰਗ ਜਿੱਤਣ ਲਈ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫਤਹਿ ਦੇ ਤਹਿਤ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਕਰਨਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਪਹਿਨਿਆ ਜਾਵੇ, ਵਾਰ ਵਾਰ ਹੱਥ ਧੋਤੇ ਜਾਣ ਅਤੇ ਸਰੀਰਕ ਦੂਰੀ ਨਿਯਮ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਨੇ ਜ਼ਿਲ੍ਹੇ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਰੋਨਾ ਵਾਇਰਸ ਦੇ ਲੱਛਣਾ ਮਹਿਸੂਸ ਹੁੰਦੇ ਹਨ ਤਾਂ ਉਹ ਅੱਗੇ ਆ ਕੇ ਆਪਣਾ ਕੋਰੋਨਾ ਟੈਸਟ ਜਰੂਰ ਕਰਵਾਏ।

Posted By: Jagjit Singh