ਜਸਪਾਲ ਸਿੰਘ ਜੱਸੀ/ਸੰਦੀਪ ਮਹਿਤਾ, ਤਰਨਤਾਰਨ/ਖੇਮਕਰਨ : ਭਾਰਤ-ਪਾਕਿ ਸਰਹੱਦ ਸੈਕਟਰ ਅਮਰਕੋਟ ਵਿਖੇ ਤਾਇਨਾਤ ਬੀਐੱਸਐੱਫ ਦੀ 87ਵੀਂ ਬਟਾਲੀਅਨ ਦੇ ਜਵਾਨਾਂ ਨੇ ਧੁੰਦ ਦੇ ਮੌਸਮ 'ਚ ਪਾਕਿਸਤਾਨ ਵੱਲੋਂ ਭਾਰਤ ਵਿਰੋਧੀ ਅਪਣਾਏ ਜਾਂਦੇ ਨਾਪਾਕ ਮਨਸੂਬਿਆਂ ਨੂੰ ਫੇਲ੍ਹ ਕਰਦਿਆਂ ਸਰਹੱਦ ਪਾਰੋਂ ਆਈ 17 ਕਿਲੋ ਹੈਰੋਇਨ, ਇਕ ਪਿਸਤੌਲ ਅਤੇ ਇਕ ਹੋਰ ਤਿਆਰ ਕੀਤੇ ਹਥਿਆਰ ਸਮੇਤ ਕਾਰਤੂਸ ਬਰਾਮਦ ਕੀਤੇ ਹਨ।

ਐਤਵਾਰ ਦੀ ਸਵੇਰ ਅਮਰਕੋਟ ਸੈਕਟਰ ਦੀ ਬੀਓਪੀ ਕਰਮਾ ਨਜ਼ਦੀਕ ਬੀਐੱਸਐੱਫ ਦੀ 87 ਬਟਾਲੀਅਨ ਦੇ ਜਵਾਨਾਂ ਨੇ ਧੁੰਦ ਵਿਚ ਰਾਤ ਸਮੇਂ ਹਲਚਲ ਮਹਿਸੂਸ ਕੀਤੀ। ਜਿਸ ਤੋਂ ਬਾਅਦ ਸਵੇਰੇ ਪੌਣੇ ਸੱਤ ਵਜੇ ਜਦੋਂ ਧੁੰਦ 'ਚ ਕੁਝ ਦਿਖਾਈ ਦੇਣ ਲੱਗਾ ਤਾਂ ਉਥੇ ਚਲਾਏ ਗਈ ਤਲਾਸ਼ੀ ਮੁਹਿੰਮ ਦੌਰਾਨ ਬਾਰਡਰ ਪਿਲਰ ਨੰਬਰ 132/27 ਨਜਦੀਕ 17 ਪੈਕੇਟ (17 ਕਿਲੋ) ਹੈਰੋਇਨ ਤੋਂ ਇਲਾਵਾ ਇਕ ਪਿਸਤੌਲ ਪਾਕਿਸਤਾਨ ਦਾ ਬਣਿਆ ਅਤੇ ਤਿਆਰ ਕੀਤਾ ਹੋਇਆ ਹਥਿਆਰ ਬਰਾਮਦ ਹੋਇਆ। ਜਦੋਂ ਕਿ 3 ਮੈਗਜੀਨ ਅਤੇ 26 ਜਿੰਦਾ ਕਾਰਤੂਸ ਬਰਾਮਦ ਹੋਏ। ਇਹ ਸਾਰਾ ਸਮਾਨ ਪਲਾਸਟਿਕ ਦੀ ਪਾਈਪ ਵਿਚ ਪਾਇਆ ਹੋਇਆ ਸੀ। ਜੋ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਕੋਲੋਂ ਮਿਲਿਆ।

ਬੀਐਸਐਫ ਦੀ 87 ਬਟਾਲੀਅਨ ਦੇ ਕਮਾਂਡੈਂਟ ਰਾਕੇਸ਼ ਰਾਜਧਾਨ ਦੀ ਅਗਵਾਈ ਹੇਠ ਚੱਲੇ ਇਸ ਤਲਾਸ਼ੀ ਅਭਿਆਨ ਨੂੰ ਸਵੇਰੇ ਸਾਢੇ ਨੌ ਵਜੇ ਖਤਮ ਐਲਾਨਿਆ ਗਿਆ। ਬੀਐਸਐਫ ਦੇ ਡੀਆਈਜੀ ਸੰਦੀਪ ਚੰਨਣ ਨੇ ਦੱਸਿਆ ਕਿ ਸਰਹੱਦ ਤੋਂ ਬਰਾਮਦ ਹੈਰੋਇਨ ਤੇ ਅਸਲ੍ਹਾ ਇਲਾਕੇ ਨਾਲ ਸਬੰਧਤ ਥਾਣੇ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੌਕੇ 'ਤੇ ਐਸਪੀ ਇਨਵੈਸਟੀਗੇਸ਼ਨ ਤਿਲਕ ਰਾਜ ਨੇ ਦੱਸਿਆ ਕਿ ਥਾਣਾ ਖਾਲੜਾ 'ਚ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਜਦੋਂਕਿ ਇਸ ਮੌਕੇ 'ਤੇ ਬੀਐਸਐਫ ਦੀ 77 ਬਟਾਲੀਅਨ ਦੇ ਕਮਾਂਡੈਂਟ ਦੇਸ ਰਾਜ ਤੋਂ ਇਲਾਵਾ ਥਾਣਾ ਭਿੱਖੀਵਿੰਡ ਦੇ ਮੁਖੀ ਮਨਜਿੰਦਰ ਸਿੰਘ ਵੀ ਮੌਜੂਦ ਸਨ।