ਤਰਨਤਾਰਨ- ਬੁੱਧਵਾਰ ਸਵੇਰੇ ਆਈਟੀ ਕਾਲਜ ਭਗਵਾਨਪੁਰਾ ਦੀ ਬੱਚਿਆਂ ਨੂੰ ਲਿਜਾ ਰਹੀ ਸਕੂਲ ਬੱਸ ਦੀ ਟਰਾਲੇ ਨਾਲ ਟੱਕਰ ਹੋ ਗਈ ਜਿਸ ਵਿਚ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ ਤੇ ਕਰੀਬ 10 ਵਿਦਿਆਰਥਣਾਂ ਜ਼ਖ਼ਮੀ ਹੋ ਗਈਅਾਂ। ਮੌਕੇ ਤੇ ਮੌਜੂਦ ਲੋਕਾਂ ਨੇ ਬੱਸ ਡਰਾਈਵਰ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਘਟਨਾ ਸਥਾਨ ਤੋਂ ਇਕੱਤਰ ਜਾਣਕਾਰੀ ਅਨੁਸਾਰ ਆਈਟੀ ਕਾਲਜ ਭਗਵਾਨਪੁਰਾ ਦੀ ਸਕੂਲ ਬੱਸ ਜਿਸ ਨੂੰ ਡਰਾਈਵਰ ਜਰਨੈਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਗੱਗੋਬੂਹਾ ਚਲਾ ਰਹਾ ਸੀ ਅਤੇ ਜਦੋਂ ਸਕੂਲ ਬੱਸ ਡੇਰਾ ਰਾਧਾ ਸਵਾਮੀ ਅੰਮ੍ਰਿਤਸਰ ਰੋਡ ਭਿਖੀਵਿੰਡ ਨੇੜਿਓਂ ਲੜਕੀ ਨੂੰ ਬੱਸ ਵਿਚ ਬਿਠਾ ਕੇ ਲਿੰਕ ਸੜਕ ਤੋਂ ਮੇਨ ਹਾਈਵੇਅ ਤੇ ਚੜਨ ਲੱਗੀ ਤਾਂ ਭਿਖੀਵਿੰਡ ਵਲੋਂ ਅੰਮ੍ਰਿਤਸਰ ਅਟਾਰੀ ਬਾਰਡਰ ਤੇ ਜਾ ਰਹੇ ਟਰੱਕ ਜਿਸ ਨੂੰ ਗੁਰਪ੍ਰੀਤ ਸਿੰਘ ਚਲਾ ਰਹਾ ਸੀ, ਨਾਲ ਟੱਕਰ ਹੋ ਗਈ। ਇਸ ਵਿਚ ਸਕੂਲ ਬੱਸ ਦਾ ਡਰਾਈਵਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਸਕੂਲ ਬੱਸ ਡਰਾਈਵਰ ਅਤੇ ਜ਼ਖਮੀ ਬਚਿਅਾਂ ਨੂੰ ਤੁਰੰਤ ਭਿਖੀਵਿੰਡ ਦੇ ਆਨੰਦ ਹਸਪਤਾਲ ਵਖੇ ਲਿਆਂਦਾ ਗਿਆ ਜਿੱਥੇ ਇਲਾਜ ਦੌਰਾਨ ਡਰਾਈਵਰ ਦੀ ਮੌਤ ਹੋ ਗਈ। ਘਟਨਾ ਸਥਾਨ ਤੇ ਮੌਜੂਦ ਲੋਕਾਂ ਵਿਚ ਪ੍ਰਸ਼ਾਸਨ ਖਿਲਾਫ ਕਾਫੀ ਗੁੱਸਾ ਨਜ਼ਰ ਆਇਆ ਕਿਉਂਕਿ ਪੁਲਿਸ ਥਾਣਾ ਭਿਖੀਵਿੰਡ ਤੋਂ ਕਰੀਬ ਡੇਢ ਕਿਲੋਮੀਟਰ ਦੂਰੀ ਤੇ ਸਕੂਲ ਹੈ। ਐਕਸੀਡੈਂਟ ਦੇ ਕਰੀਬ ਡੇਢ ਘੰਟੇ ਬਾਅਦ ਪੁਲਿਸ ਪਹੁੰਚੀ। ਇਸ ਸੰਬੰਧੀ ਏਸੀਪੀ ਪੰਨਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।