ਨੂੰਹ ਨੂੰ ਹਿੱਸਾ ਨਾ ਦੇਣ ’ਤੇ ਪਿੰਡ ਵਾਸੀਆਂ ਨੇ ਲਾਇਆ ਧਰਨਾ
ਨੂੰਹ ਨੂੰ ਹਿੱਸਾ ਨਾਂ ਦੇਣ 'ਤੇ ਪਿੰਡ ਵਾਸੀਆਂ ਨੇ ਪੁਲਿਸ ਦੀ ਭੰਨੀ ਗੱਡੀ
Publish Date: Sun, 16 Nov 2025 05:28 PM (IST)
Updated Date: Sun, 16 Nov 2025 05:29 PM (IST)
- ਕਿਹਾ, ਐੱਸਐੱਚਓ ਨੇ ਨੂੰਹ ਨੂੰ ਘਰੋਂ ਬਾਹਰ ਕਰ ਕੇ ਘਰ ਨੂੰ ਜੜਿਆ ਜਿੰਦਰਾ : ਪਿੰਡ ਵਾਸੀ
- ਪਿੰਡ ਦੀ ਨੂੰਹ ਨੂੰ ਘਰ ਦਿਵਾਉਣ ਲਈ ਡੱਟਿਆ ਪਿੰਡ ਦੇਹਲਾ ਸ਼ੀਹਾਂ
ਸ਼ੰਭੂ ਗੋਇਲ, ਪੰਜਾਬੀ ਜਾਗਰਣ
ਲਹਿਰਾਗਾਗਾ : ਪਿੰਡ ਦੇਹਲਾ ਸੀਂਹਾ ਵਿੱਚ ਨੂੰਹ ਨੂੰ ਜ਼ਮੀਨ ਵੰਡ ਕੇ ਨਾ ਦੇਣ ਕਾਰਨ ਪਿੰਡ ਵਾਸੀਆਂ ਨੇ ਉਸ ਨੂੰ ਹਿੱਸਾ ਦਿਵਾਉਣ ਸਬੰਧੀ ਵਿਵਾਦ ਨੇ ਭਿਆਨਕ ਰੂਪ ਲੈ ਲਿਆ। ਪਿੰਡ ਦੇਹਲਾ ਸੀਹਾਂ ਦੀ ਨੂੰਹ ਗਗਨਦੀਪ ਕੌਰ ਨੂੰ ਆਪਣੇ ਹਿੱਸੇ ਵਿੱਚ ਜ਼ਮੀਨ ਨਾ ਮਿਲਣ ਕਾਰਨ ਪੂਰੇ ਪਿੰਡ ਦੇ ਲੋਕ ਸਾਹਮਣੇ ਆਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੇਰ ਰਾਤ ਮੂਨਕ ਪੁਲਿਸ ਵੱਲੋਂ ਪਿੰਡ ਦੇ ਗ੍ਰਿਫਤਾਰ ਕੀਤੇ ਸਾਬਕਾ ਅਤੇ ਮੌਜੂਦਾ ਸਰਪੰਚ ਨੂੰ ਪੁਲਿਸ ਦੀਆਂ ਗੱਡੀਆਂ ਘੇਰ ਕੇ ਪਿੰਡ ਵਾਸੀਆਂ ਨੇ ਛੁਡਵਾਇਆ। ਪੁਲਿਸ ਦੀ ਇਸ ਜ਼ਬਰਦਸਤੀ ਦੇ ਵਿਰੋਧ ਵਿਚ ਪੁਲਿਸ ਦੀ ਗੱਡੀ ਦੇ ਸ਼ੀਸ਼ੇ ਵੀ ਭੰਨੇ ਗਏ। ਪੁਲਿਸ ਨੇ ਪਿੰਡ ਵਿੱਚ ਪਹੁੰਚੀ ਨੂੰਹ ਗਗਨਦੀਪ ਕੌਰ ਦੇ ਘਰ ਵਿੱਚ ਕੰਧਾਂ ਕੱਢਣ ਤੋਂ ਰੋਕਿਆ ਗਿਆ। ਪਿੰਡ ਵਾਸੀਆਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਐੱਸਐੱਚਓ ਨੇ ਪਿੰਡ ਦੇ 8 ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰ ਦਿੱਤਾ, ਜਿਸ ਨਾਲ ਪਿੰਡ ਵਿੱਚ ਪੂਰੀ ਤਰ੍ਹਾਂ ਰੋਹ ਵਧ ਗਿਆ। ਜਿਸ ਦੇ ਚਲਦਿਆਂ ਉੱਚ ਅਧਿਕਾਰੀਆਂ ਨੇ ਐੱਸਐੱਚਓ ਅਤੇ ਡੀਐੱਸਪੀ ਮੂਨਕ ਗੁਰਿੰਦਰ ਸਿੰਘ ਬੱਲ ਨੂੰ ਲਾਈਨ ਹਾਜ਼ਰ ਕਰ ਦਿੱਤਾ। ਇਸ ਮਸਲੇ ਦੀ ਨਿਰਪੱਖ ਜਾਂਚ, ਲਈ ਥਾਣਾ ਮੂਣਕ ਦੇ ਨਵੇਂ ਐੱਸਐੱਚਓ ਗੁਰਮੀਤ ਸਿੰਘ ਅਤੇ ਨਵੇਂ ਡੀਐੱਸਪੀ ਨੂੰ ਲਾ ਦਿੱਤਾ ਹੈ।
ਇਸੇ ਮਾਮਲੇ ਨਾਲ ਜੁੜੇ ਬਿਜਲੀ ਵਿਭਾਗ ਵੱਲੋਂ ਪਿੰਡ ਦੀ ਨੂੰਹ ਗਗਨਦੀਪ ਕੌਰ ਦੇ ਨਾਂ ’ਤੇ ਲੱਗੇ ਮੀਟਰ ਨੂੰ ਉਤਾਰ ਲਿਆ ਗਿਆ ਸੀ, ਪਰ ਪਿੰਡ ਵਾਸੀਆਂ ਦੇ ਦਬਾਅ ਨਾਲ ਉਹ ਵਾਪਸ ਲਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਵਿਧਵਾ ਨੂੰਹ ਗਗਨਦੀਪ ਕੌਰ ਦੋ ਬੇਟੀਆਂ ਦੀ ਮਾਂ ਹੈ, ਜਿਸ ਨੂੰ ਆਪਣੇ ਪਰਿਵਾਰਕ ਜਾਇਦਾਦ ਵਿੱਚ ਹਿੱਸਾ ਨਾ ਮਿਲਣ ਕਾਰਨ ਪਿੰਡ ਵਾਸੀਆਂ ਨੇ ਉਸ ਨੂੰ ਨਿਆਂ ਦਿਵਾਉਣ ਲਈ ਫੈਸਲਾ ਲਿਆ। ਪਿੰਡ ਵਾਸੀਆਂ ਨੇ ਫੈਸਲਾ ਕੀਤਾ ਕਿ ਨੂੰਹ ਗਗਨਦੀਪ ਕੌਰ ਨੂੰ ਉਸ ਦੇ ਹੱਕ ਦਿਵਾਉਣ ਲਈ ਡੱਟ ਕੇ ਸੰਘਰਸ਼ ਕੀਤਾ ਜਾਵੇਗਾ। ਪਿੰਡ ਦੇ ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਪੁਲਿਸ ਨੇ ਪਿੰਡ ਦੇ ਵਿਅਕਤੀਆਂ ਖ਼ਿਲਾਫ਼ ਦਰਜ ਪਰਚੇ ਰੱਦ ਕਰਨ ਦਾ ਵਿਸ਼ਵਾਸ ਦਿਵਾਉਣ ਤੋਂ ਬਾਅਦ ਅਗਲਾ ਐਕਸ਼ਨ ਮੁਲਤਵੀ ਕਰ ਦਿੱਤਾ ਹੈ।