ਬਰਨਾਲਾ ਦੇ ਸ਼ਹਿਰੀ ਚੋਣ ਮੈਦਾਨ ’ਚ ਰਾਤ ਨੂੰ ਹੋ ਜਾਵੇਗੀ ‘ਸ਼ਾਂਤੀ’
ਬਰਨਾਲਾ ਜ਼ਿਲ੍ਹੇ ਦੇ ਸ਼ਹਿਰੀ
Publish Date: Sat, 23 May 2026 06:05 PM (IST)
Updated Date: Sun, 24 May 2026 04:07 AM (IST)

ਥੰਮ ਜਾਵੇਗਾ ਚੋਣ ਪ੍ਰਚਾਰ, ਹੁਣ ਵੋਟਰਾਂ ਦੀ ਅਦਾਲਤ ’ਚ ਹੋਵੇਗਾ ਫੈਸਲਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ’ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸਿਆਸੀ ਹਲਚਲ ਤੇ ਲਾਊਡਸਪੀਕਰਾਂ ਦੀ ਗੂੰਜ ’ਤੇ ਅੱਜ ਅਧਿਕਾਰਤ ਤੌਰ ’ਤੇ ਵਿਰਾਮ ਲੱਗ ਜਾਵੇਗਾ। ਨਗਰ ਨਿਗਮ ਬਰਨਾਲਾ ਸਮੇਤ ਜ਼ਿਲ੍ਹੇ ਦੀਆਂ ਪ੍ਰਮੁੱਖ ਨਗਰ ਕੌਂਸਲਾਂ ਤਪਾ, ਭਦੌੜ ਤੇ ਧਨੌਲਾ ਚ ਚੋਣ ਪ੍ਰਚਾਰ ਦਾ ਸਮਾਂ ਖ਼ਤਮ ਹੋਣ ਨਾਲ ਹੀ ਸਿਆਸੀ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਵੱਲੋਂ ਕੀਤਾ ਜਾ ਰਿਹਾ ਖੁੱਲ੍ਹਾ ਪ੍ਰਚਾਰ ਐਤਵਾਰ ਸ਼ਾਮ ਨੂੰ ਬੰਦ ਹੋ ਜਾਵੇਗਾ। ਹੁਣ ‘ਸ਼ੋਰ-ਸ਼ਰਾਬੇ’ ਦਾ ਦੌਰ ਖ਼ਤਮ ਹੋ ਕੇ ‘ਡੋਰ-ਟੂ-ਡੋਰ’ ਭਾਵ ਹਰ ਘਰ-ਦਰ ਰਾਬਤੇ ਦਾ ਸੂਖਮ ਦੌਰ ਸ਼ੁਰੂ ਹੋ ਜਾਵੇਗਾ। --ਆਖਰੀ ਦਿਨ ਉਮੀਦਵਾਰ ਝੋਂਕਣਗੇ ਪੂਰੀ ਤਾਕਤ ਚੋਣ ਪ੍ਰਚਾਰ ਦੇ ਆਖਰੀ ਘੰਟਿਆਂ ਚ ਬਰਨਾਲਾ ਨਗਰ ਨਿਗਮ ਤੇ ਤਿੰਨੋਂ ਨਗਰ ਕੌਂਸਲਾਂ ਦੇ ਵੱਖ-ਵੱਖ ਵਾਰਡਾਂ ਚ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਝੋਂਕਣੀ ਹੈ। ਰੋਡ ਸ਼ੋਅ, ਮਾਰਚ ਤੇ ਨੁੱਕੜ ਸਭਾਵਾਂ ਰਾਹੀਂ ਵੋਟਰਾਂ ਨੂੰ ਲੁਭਾਉਣ ਦਾ ਆਖਰੀ ਹੰਭਲਾ ਮਾਰਿਆ ਜਾਵੇਗਾ। ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਗਲੀਆਂ-ਮੁਹੱਲਿਆਂ ਚ ਸ਼ਕਤੀ ਪ੍ਰਦਰਸ਼ਨ ਕਰਕੇ ਆਪਣੀ ਜਿੱਤ ਦੇ ਦਾਅਵੇ ਪੇਸ਼ ਕਰਨੇ ਹਨ। ਚੋਣਾਂ ’ਚ ਸਥਾਨਕ ਮੁੱਦੇ ਰਹੇ ਹਾਵੀ ਇਸ ਵਾਰ ਦੀਆਂ ਚੋਣਾਂ ਚ ਵੱਡੇ ਸਿਆਸੀ ਮੁਦਿਆਂ ਦੀ ਬਜਾਏ ਸਥਾਨਕ ਤੇ ਬੁਨਿਆਦੀ ਮੁੱਦੇ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਰਹੇ। ਬਰਨਾਲਾ ਨਗਰ ਨਿਗਮ ਚ ਸੀਵਰੇਜ ਸਿਸਟਮ ਦੀ ਸਫ਼ਾਈ, ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਤੇ ਸੜਕਾਂ ਦੀ ਮੁਰੰਮਤ ਵਰਗੇ ਮੁੱਦਿਆਂ ’ਤੇ ਬਹਿਸ ਗਰਮ ਰਹੀ। ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਗੰਦਗੀ ਦੇ ਢੇਰਾਂ ਹੇਠ ਦੱਬਿਆ ਰਿਹਾ। ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਇਸ ਦਾ ਵੀ ਸਾਹਮਣਾ ਕਰਨਾ ਪਿਆ। ਤਪਾ, ਭਦੌੜ ਤੇ ਧਨੌਲਾ ਨਗਰ ਕੌਂਸਲਾਂ ਚ ਨਜਾਇਜ਼ ਕਬਜ਼ੇ, ਸਟ੍ਰੀਟ ਲਾਈਟਾਂ ਦੀ ਮਾੜੀ ਹਾਲਤ, ਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਮੁੱਖ ਚੋਣ ਮੁੱਦੇ ਬਣੇ ਰਹੇ। ਵੋਟਰਾਂ ਨੇ ਵੀ ਇਸ ਵਾਰ ਉਮੀਦਵਾਰਾਂ ਨੂੰ ਵਿਕਾਸ ਦੇ ਨਾਂ ’ਤੇ ਘੇਰਿਆ। --ਅੱਜ ਬਦਲੇਗਾ ਪ੍ਰਚਾਰ ਦਾ ਤਰੀਕਾ, ਹੁਣ ‘ਗੁਪਤ ਰਣਨੀਤੀ’ ਹੋਵੇਗੀ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਹੁਣ ਅਗਲੇ ਕੁਝ ਘੰਟੇ ਬਹੁਤ ਅਹਿਮ ਹਨ। ਲਾਊਡਸਪੀਕਰ ਬੰਦ ਹੋਣ ਨਾਲ ਭਾਵੇਂ ਬਾਹਰੀ ਰੌਣਕ ਘਟ ਗਈ ਹੈ, ਪਰ ਅੰਦਰੂਨੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਉਮੀਦਵਾਰ ਹੁਣ ਆਪਣੇ ਖਾਸ ਸਮਰਥਕਾਂ ਨਾਲ ਮਿਲ ਕੇ ਦੇਰ ਰਾਤ ਤੱਕ ਘਰ-ਘਰ ਜਾ ਕੇ ਨਿੱਜੀ ਤੌਰ ’ਤੇ ਵੋਟਾਂ ਮੰਗਣਗੇ। ਆਖਰੀ ਰਾਤਾਂ ਚ ਵੋਟਾਂ ਦੇ ਜੋੜ-ਤੋੜ, ਨਾਰਾਜ਼ ਵੋਟਰਾਂ ਨੂੰ ਮਨਾਉਣ ਤੇ ਪਰਿਵਾਰਕ ਸਾਂਝਾਂ ਦਾ ਵਾਸਤਾ ਦੇ ਕੇ ਵੋਟ ਪੱਕੀ ਕਰਨ ਦੀ ਖੇਡ ਖੇਡੀ ਜਾਵੇਗੀ। ਪ੍ਰਸ਼ਾਸਨ ਵੱਲੋਂ ਹੋਣਗੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਚੋਣ ਪ੍ਰਚਾਰ ਦੇ ਬੰਦ ਹੁੰਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੋ ਜਾਵੇਗੀ। ਬਾਹਰੀ ਖੇਤਰਾਂ ਤੋਂ ਆਏ ਸਿਆਸੀ ਆਗੂਆਂ ਤੇ ਵਰਕਰਾਂ ਨੂੰ ਹਲਕਾ ਛੱਡਣ ਦੇ ਹੁਕਮ ਹੋ ਜਾਣਗੇ। ਹੋਟਲਾਂ, ਧਰਮਸ਼ਾਲਾਵਾਂ ਤੇ ਸ਼ੱਕੀ ਥਾਵਾਂ ਦੀ ਚੈਕਿੰਗ ਵਧਾ ਦਿੱਤੀ ਜਾਵੇਗੀ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਜਾਂ ਵੋਟਰਾਂ ਨੂੰ ਨਜਾਇਜ਼ ਤੌਰ ’ਤੇ ਪ੍ਰਭਾਵਿਤ ਨਾ ਕੀਤਾ ਜਾ ਸਕੇ। ਸੰਵੇਦਨਸ਼ੀਲ ਵਾਰਡਾਂ ਚ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ...ਹੁਣ ਗੇਂਦ ਆਵੇਗੀ ਵੋਟਰਾਂ ਦੇ ਪਾਲੇ ’ਚ ਬਰਨਾਲਾ, ਤਪਾ, ਭਦੌੜ ਤੇ ਧਨੌਲਾ ਦੇ ਸ਼ਹਿਰੀ ਵਿਕਾਸ ਦੀ ਚਾਬੀ ਕਿਸਦੇ ਹੱਥ ਆਵੇਗੀ, ਇਸਦਾ ਫੈਸਲਾ ਹੁਣ ਵੋਟਰਾਂ ਨੇ ਕਰਨਾ ਹੈ। ਸਿਆਸੀ ਪਾਰਟੀਆਂ ਨੇ ਆਪਣੇ ਵਾਅਦਿਆਂ ਦੇ ਪੱਤੇ ਖੋਲ੍ਹ ਦਿੱਤੇ ਹਨ, ਪਰ ਇਸ ਵਾਰ ਦਾ ਸ਼ਹਿਰੀ ਵੋਟਰ ਕਾਫੀ ਸੂਝਵਾਨ ਨਜ਼ਰ ਆ ਰਹੇ ਹਨ ਜੋ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਚੁੱਪ-ਚਾਪ ਸਭ ਕੁਝ ਦੇਖ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਵੋਟਿੰਗ ਵਾਲੇ ਦਿਨ ਜਨਤਾ ਕਿਸ ਦੇ ਹੱਕ ਚ ਭੁਗਤਦੀ ਹੈ ਤੇ ਕਿਸ ਨੂੰ ਨਗਰ ਦੀ ਸਰਦਾਰੀ ਸੌਂਪਦੀ ਹੈ।