ਅੱਗ ਲੱਗਣ ਨਾਲ ਮਕਾਨ ਸੜਿਆ
ਅੱਗ ਲੱਗਣ ਨਾਲ ਮਕਾਨ ਸੜਿਆ, 15 ਲੱਖ ਦਾ ਨੁਕਸਾਨ
Publish Date: Wed, 27 May 2026 03:16 PM (IST)
Updated Date: Wed, 27 May 2026 03:19 PM (IST)

- ਪਿੰਡ ਵਾਲਿਆਂ ਨੇ ਗੇਟ ਤੋੜ ਕੇ ਪਰਿਵਾਰ ਨੂੰ ਬਾਹਰ ਕੱਢਿਆ ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਪਿੰਡ ਚੋਟੀਆਂ ਵਿਖੇ ਅੱਗ ਲੱਗਣ ਕਾਰਨ ਇੱਕ ਮਕਾਨ ਸੜ ਕੇ ਸੁਆਹ ਹੋ ਗਿਆ ਹੈ। ਜਿਸ ਸਮੇਂ ਅੱਗ ਲੱਗੀ ਉਦੋਂ ਪਰਿਵਾਰ ਘਰ ਅੰਦਰ ਸੁੱਤਾ ਪਿਆ ਸੀ, ਗਨੀਮਤ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਘਰ ਦਾ ਸਾਰਾ ਸਾਮਾਨ ਸੜ ਜਾਣ ਕਾਰਨ 15 ਲੱਖ ਦੇ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਦੁਕਾਨ ਦੇ ਪਿਛਲੇ ਪਾਸੇ ਇਹ ਮਕਾਨ ਸੀ ਜਿਸ ਨੂੰ ਅੱਗ ਲੱਗੀ ਉਸ ਵਿੱਚ ਦੁਕਾਨ ਦਾ ਸਮਾਨ ਜਿਵੇਂ ਖੰਡ ਦੀਆਂ ਬੋਰੀਆਂ ਘਿਓ ਦੇ ਟੀਨ ਅਤੇ ਹੋਰ ਸਾਮਾਨ ਪਿਆ ਹੋਇਆ ਸੀ, ਜੋ ਕਿ ਅੱਗ ਲੱਗਣ ਕਾਰਨ ਸੜ ਗਿਆ। ਮੌਕੇ ’ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਕੇਸ਼ ਕੁਮਾਰ ਪੁੱਤਰ ਰੋਸ਼ਨ ਲਾਲ ਜੋ ਕਿ ਦੁਕਾਨ ਦਾ ਕੰਮ ਕਰਦਾ ਹੈ ਤੇ ਦੁਕਾਨ ਦੇ ਪਿਛਲੇ ਪਾਸੇ ਮਕਾਨ ਹੈ ਜਿਸ ਵਿੱਚ ਇਹ ਪਰਿਵਾਰ ਰਹਿੰਦਾ ਹੈ। ਰਾਤ ਨੂੰ ਤਕਰੀਬਨ ਸਾਡੇ 11 ਵਜੇ ਮਕਾਨ ਨੂੰ ਅੱਗ ਲੱਗ ਗਈ ਜਦੋਂ ਕਿ ਪਰਿਵਾਰ ਸੁੱਤਾ ਪਿਆ ਸੀ। ਪਿੰਡ ਨਿਵਾਸੀਆਂ ਨੇ ਘਟਨਾ ਦਾ ਪਤਾ ਲੱਗਣ ਸਾਰ ਪਹੁੰਚਣਾ ਸ਼ੁਰੂ ਕਰ ਦਿੱਤਾ ਗੇਟਾਂ ਨੂੰ ਤੋੜ ਕੇ ਪਰਿਵਾਰ ਨੂੰ ਬਾਹਰ ਕੱਢਿਆ ਅਤੇ ਅੱਗ ਤੇ ਪਾਣੀ ਪਾਕੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਅੱਗ ਬਹੁਤ ਹੀ ਤੇਜ਼ ਹੋਣ ਕਾਰਨ ਕੰਟਰੋਲ ਨਾ ਹੋ ਸਕੀ। ਕੁਝ ਸਮੇਂ ਬਾਅਦ ਨੇੜਲੇ ਸ਼ਹਿਰ ਮੂਣਕ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਅੱਗ ਤੇ ਕਾਬੂ ਪਾਇਆ। ਇਸ ਸਮੇਂ ਪੀੜਿਤ ਦੇ ਨੇੜਲੇ ਰਿਸ਼ਤੇਦਾਰ ਵਿਪਨ ਕੁਮਾਰ ਲੇਹਲ ਕਲਾਂ ਨੇ ਦੱਸਿਆ, ਕਿ ਅਸੀਂ 12 ਵਜੇ ਦੇ ਕਰੀਬ ਚੋਟੀਆਂ ਸਥਿਤ ਪੁਲਿਸ ਚੌਂਕੀ ਵਿਖੇ ਜਾ ਕੇ ਮੱਦਦ ਲਈ ਗੁਹਾਰ ਲਗਾਉਣੀ ਚਾਹੀ, ਪ੍ਰੰਤੂ ਵਾਰ -ਵਾਰ ਗੇਟ ਖੜਕਾਉਣਣ ਉਪਰੰਤ ਪੁਲਿਸ ਵਾਲਿਆਂ ਨੇ ਗੇਟ ਨਹੀਂ ਖੋਲਿਆ। ਜਿਸ ਉਪਰੰਤ ਅਸੀਂ ਖਾਲੀ ਪਰਤ ਆਏ । ਹੁਣ ਸਾਰੇ ਪਿੰਡ ਨੇ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਤੋਂ ਮੰਗ ਕੀਤੀ ਹੈ,ਕਿ ਪਰਿਵਾਰ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਇਸ ਲਈ ਉਨ੍ਹਾਂ ਦੀ ਆਰਥਿਕ ਮੱਦਦ ਕੀਤੀ ਜਾਵੇ।